“ਫੁੱਫੜ ਫਰਾਰ ਤੋਂ ਗ੍ਰਿਫ਼ਤਾਰ: ਧਿਆਨ ਭਟਕਾਉਣ ਲਈ ਸਟੇਟ ਦਾ ਸਟੇਜ ਸ਼ੋ” ਮਜੀਠੀਆ ਦਾ ਮਾਨ ਸਰਕਾਰ ‘ਤੇ ਤਿੱਖਾ ਹਮਲਾ
ਚੰਡੀਗੜ੍ਹ, 25 ਮਾਰਚ (ਹਿੰ.ਸ.)। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਬੁੱਧਵਾਰ ਨੂੰ ਭਗਵੰਤ ਮਾਨ ਸਰਕਾਰ ਅਤੇ ਆਮ ਆਦਮੀ ਪਾਰਟੀ ‘ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਗ੍ਰਿਫ਼ਤਾਰੀ ਇੱਕ “ਸਟੇਜ-ਕਮ-ਸਟੇਟ ਮੈਨੇਜਡ ਸ਼ੋ” ਹੈ, ਜਿਸਦਾ ਮਕਸਦ ਡ
ਬਿਕਰਮ ਸਿੰਘ ਮਜੀਠੀਆ


ਚੰਡੀਗੜ੍ਹ, 25 ਮਾਰਚ (ਹਿੰ.ਸ.)। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਬੁੱਧਵਾਰ ਨੂੰ ਭਗਵੰਤ ਮਾਨ ਸਰਕਾਰ ਅਤੇ ਆਮ ਆਦਮੀ ਪਾਰਟੀ ‘ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਗ੍ਰਿਫ਼ਤਾਰੀ ਇੱਕ “ਸਟੇਜ-ਕਮ-ਸਟੇਟ ਮੈਨੇਜਡ ਸ਼ੋ” ਹੈ, ਜਿਸਦਾ ਮਕਸਦ ਡਾ. ਗਗਨਦੀਪ ਰੰਧਾਵਾ ਆਤਮਹਤਿਆ ਮਾਮਲੇ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਹੈ।

ਮਜੀਠੀਆ ਨੇ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਪਠਾਨਮਾਜਰਾ ਨੂੰ “ਫਰਾਰ” ਦਿਖਾਇਆ ਗਿਆ ਅਤੇ ਫਿਰ ਅਚਾਨਕ ਸਵੇਰੇ-ਸਵੇਰੇ “ਗ੍ਰਿਫ਼ਤਾਰ” ਕਰਕੇ ਪੇਸ਼ ਕਰ ਦਿੱਤਾ ਗਿਆ, ਉਹ ਸਾਰੇ ਘਟਨਾਕ੍ਰਮ ‘ਤੇ ਗੰਭੀਰ ਸਵਾਲ ਖੜੇ ਕਰਦਾ ਹੈ। ਉਨ੍ਹਾਂ ਇਸਨੂੰ ਇੱਕ “ਸਕ੍ਰਿਪਟਡ ਡਰਾਮਾ” ਕਰਾਰ ਦਿੰਦਿਆਂ ਕਿਹਾ ਕਿ ਇਹ ਸਾਰਾ ਰੰਧਾਵਾ ਕੇਸ ਤੋਂ ਧਿਆਨ ਹਟਾਉਣ ਲਈ ਰਾਜ ਵੱਲੋਂ ਰਚਿਆ ਗਿਆ ਸ਼ੋ ਹੈ।

ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦੇ ਹੋਏ ਮਜੀਠੀਆ ਨੇ ਕਿਹਾ ਕਿ ਇਹ ਪੂਰਾ ਮਾਮਲਾ ਇੱਕ “ਫਿਕਸਡ ਮੈਚ” ਵਰਗਾ ਹੈ, ਜਿਸ ਰਾਹੀਂ ਸੱਚਾਈ ਨੂੰ ਦਬਾਉਣ ਅਤੇ ਨੈਰੇਟਿਵ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਸਰਕਾਰ ਡਾ. ਰੰਧਾਵਾ ਦੀ ਮੌਤ ਨੂੰ ਲੈ ਕੇ ਸਵਾਲਾਂ ਦੇ ਘੇਰੇ ‘ਚ ਹੈ, ਉਸੇ ਵੇਲੇ ਸਟੇਟ ਵਲੋ ਇਸ ਗ੍ਰਿਫ਼ਤਾਰੀ ਦਾ ਸਾਹਮਣੇ ਆਉਣਾ ਆਪਣੇ ਆਪ ‘ਚ ਕਈ ਸ਼ੱਕ ਪੈਦਾ ਕਰਦਾ ਹੈ।

ਮਜੀਠੀਆ ਨੇ ਦੋਸ਼ ਲਗਾਇਆ ਕਿ ਜੋ ਪਠਾਨਮਾਜਰਾ ਕੱਲ੍ਹ ਤੱਕ ਆਪਣੇ ਆਪ ਨੂੰ “ਫੁੱਫੜ” ਕਹਿ ਕੇ ਤਾਕਤਵਰ ਸਮਝਦਾ ਸੀ, ਅੱਜ ਉਸਨੂੰ ਭਗਵੰਤ ਮਾਨ ਆਪਣੇ ਸਿਆਸੀ ਨੁਕਸਾਨ ਦੀ ਭਰਪਾਈ ਲਈ ਇਕ ਮੋਹਰੇ ਵਜੋਂ ਵਰਤ ਰਹੇ ਹਨ। ਉਨ੍ਹਾਂ ਕਿਹਾ, “ਇਹ ਗਵਰਨੈਂਸ ਨਹੀਂ, ਇਹ ਧਿਆਨ ਭਟਕਾਉਣ ਦੀ ਸਾਜ਼ਿਸ਼ ਹੈ,” ਉਹਨਾਂ ਅੱਗੇ ਕਿਹਾ ਕਿ ਸਰਕਾਰ ਦੀਆਂ ਅਜਿਹੀਆਂ ਕੋਝੀਆਂ ਹਰਕਤਾਂ ਲੋਕਾਂ ਦੇ ਸ਼ੱਕ ਨੂੰ ਹੋਰ ਵੀ ਡੂੰਘਾ ਕਰਦੀਆਂ ਹਨ। ਡਾ. ਗਗਨਦੀਪ ਰੰਧਾਵਾ ਆਤਮਹੱਤਿਆ ਮਾਮਲੇ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੀ ਹੈ ਅਤੇ ਅਜਿਹੇ ਸਿਆਸੀ ਡਰਾਮਿਆਂ ਨਾਲ ਗੁੰਮਰਾਹ ਨਹੀਂ ਹੋਵੇਗੀ। ਮਜੀਠੀਆ ਨੇ ਅੰਤ ਵਿੱਚ ਕਿਹਾ ਕਿ ਪੰਜਾਬ ਦੀ ਜਨਤਾ ਹਰ ਘਟਨਾਕ੍ਰਮ ‘ਤੇ ਨਜ਼ਰ ਰੱਖ ਰਹੀ ਹੈ। ਸਰਕਾਰ ਜੋ ਡਰਾਮਾ ਕਰ ਰਹੀ ਹੈ, ਉਸ ਨਾਲ ਇਸ ਮਾਮਲੇ ਨਾਲ ਜੁੜੇ ਸਵਾਲ ਹੋਰ ਵੱਧਣਗੇ ਅਤੇ ਸਰਕਾਰ ਨੂੰ ਪੰਜਾਬ ਦੀ ਜਨਤਾ ਨੂੰ ਜਵਾਬ ਦੇਣਾ ਪਵੇਗਾ। ਡਾ. ਗਗਨਦੀਪ ਰੰਧਾਵਾ ਨੂੰ ਇਨਸਾਫ ਦੇਣਾ ਹੀ ਪਵੇਗਾ - ਇਹ ਗੱਲ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਜਿੰਨੀ ਛੇਤੀ ਹੋਵੇਗੀ ਸਮਝ ਲੈਣੀ ਚਾਹੀਦੀ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande