
ਨਵਾਂਸ਼ਹਿਰ, 25 ਮਾਰਚ (ਹਿੰ.ਸ.)। ਜ਼ਿਲ੍ਹਾ ਮੈਜਿਸਟ੍ਰੇਟ ਗੁਲਪ੍ਰੀਤ ਸਿੰਘ ਔਲਖ, ਆਈ.ਏ.ਐਸ ਨੇ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਈਆਂ ਸਕਤੀਆਂ ਦੀ ਵਰਤੋਂ ਕਰਦੇ ਹੋਏ ਇਹ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹੇ ਦੇ ਮਿਉਂਸਪਲ ਕੌਂਸਲ, ਨਗਰ ਪੰਚਾਇਤਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਅਧਿਕਾਰ ਖੇਤਰ ਵਿੱਚ ਰਹਿਣ ਵਾਲਾ ਕੋਈ ਵੀ ਵਿਅਕਤੀ ਜੇਕਰ ਆਪਣੇ ਘਰ/ਹੋਟਲ/ਰੈਸਟੋਰੈਂਟ ਵਿੱਚ ਕਿਰਾਏਦਾਰ/ਨੌਕਰ/ਪੇਇੰਗ ਗੈਸਟ/ਨੇਪਾਲੀ ਲਾਗਰੀ ਰੱਖੇਗਾ ਤਾਂ ਉਹ ਉਸ ਦੀ ਸੂਚਨਾ dc_nawanshahr@rediffmail.com ਅਤੇ dpo.nsr.police@punjab.gov.in ਤੇ ਇੱਕ ਹਫਤੇ ਦੇ ਅੰਦਰ-ਅੰਦਰ ਦੇਣ ਲਈ ਪਾਬੰਦ ਹੋਵੇਗਾ।
ਉਨ੍ਹਾਂ ਕਿਹਾ ਕਿ ਜਿਹਾ ਮਕਾਨ ਮਾਲਕਾਂ ਨੇ ਅੱਜ ਤੱਕ ਕਿਰਾਏਦਾਰਾਂ ਦੀ ਸੂਚਨਾ ਪੁਲਿਸ ਨੂੰ ਨਹੀਂ ਦਿੱਤੀ ਹੈ, ਉਹ ਉਕਤ ਈ-ਮੇਲ ਤੇ ਕਿਰਾਏਦਾਰ (ਨਾਮ, ਪਿਤਾ ਦਾ ਨਾਮ, ਫੋਟੋ ਅਤੇ ਆਧਾਰ ਕਾਰਡ) ਦੀ ਸੂਚਨਾ ਇਸ ਹੁਕਮ ਦੇ ਜਾਰੀ ਹੋਣ ਦੀ ਮਿਤੀ ਤੇ ਇੱਕ ਹਫਤੇ ਦੇ ਅੰਦਰ-ਅੰਦਰ ਦੇਣ। ਉਨ੍ਹਾਂ ਨੇ ਕਿਹਾ ਕਿ ਮਕਾਨ ਮਾਲਕਾ ਵੱਲੋਂ ਰੱਖੋ ਗਏ ਕਿਰਾਏਦਾਰ/ਨੌਕਰ/ਪੇਇੰਗ ਗੈਸਟ ਆਦਿ ਕਈ ਵਾਰ ਨਸ਼ੇ, ਅਸਮਾਜਿਕ ਅਤੇ ਅਪਰਾਧਿਕ ਪਿਛੋਕੜ ਦੇ ਹੁੰਦੇ ਹਨ ਅਤੇ ਕਿਰਾਏ ਵਾਲੇ ਮਕਾਨਾਂ ਅਤੇ ਪਬਲਿਕ ਸਥਾਨਾਂ ਤੇ ਹੁੜਦੰਗ ਕਰਦੇ ਰਹਿੰਦੇ ਹਨ, ਜਿਸ ਕਰਕੇ ਅਮਨ ਤੇ ਕਾਨੂੰਨ ਦੀ ਸਥਿੱਤੀ ਵਿਗੜਨ ਦਾ ਡਰ ਹੈ, ਪਰ ਮਕਾਨ ਮਾਲਕਾਂ ਵੱਲੋਂ ਇਨ੍ਹਾਂ ਕਿਰਾਏਦਾਰਾਂ ਦੀ ਸੂਚਨਾ ਪੁਲਿਸ ਪਾਸ ਸਮੇਂ ਸਿਰ ਦਰਜ ਨਹੀਂ ਕਰਵਾਈ ਜਾਂਦੀ ਹੈ। ਇਸ ਤਰਾਂ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਉਕਤ ਹੁਕਮ ਲਾਗੂ ਕੀਤਾ ਗਿਆ ਹੈ। ਇਹ ਹੁਕਮ 12 ਮਈ 2026 ਤੱਕ ਲਾਗੂ ਰਹੇਗਾ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ