ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੁਣ ਤੱਕ 1.60 ਲੱਖ ਲੋਕਾਂ ਨੇ 191 ਕਰੋੜ ਰੁਪਏ ਦਾ ਮੁਫ਼ਤ ਇਲਾਜ ਕਰਵਾਇਆ - ਡਾ. ਬਲਬੀਰ ਸਿੰਘ
ਪਟਿਆਲਾ, 25 ਮਾਰਚ (ਹਿੰ.ਸ.)। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਨਿਵੇਕਲੀ ਸਕੀਮ ''ਮੁੱਖ ਮੰਤਰੀ ਸਿਹਤ ਯੋਜਨਾ'' ਪੰ
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਪਟਿਆਲਾ ਵਿਖੇ ਪੰਜਾਬ ਸਰਕਾਰ ਦੀਆਂ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ।


ਪਟਿਆਲਾ, 25 ਮਾਰਚ (ਹਿੰ.ਸ.)। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਨਿਵੇਕਲੀ ਸਕੀਮ 'ਮੁੱਖ ਮੰਤਰੀ ਸਿਹਤ ਯੋਜਨਾ' ਪੰਜਾਬੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ। ਅੱਜ ਇੱਥੇ ਪੰਜਾਬ ਸਰਕਾਰ ਦੀਆਂ ਸਿਹਤ ਖੇਤਰ 'ਚ 4 ਸਾਲਾਂ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਹੁਣ ਤੱਕ 1.60 ਲੱਖ ਲੋਕਾਂ ਨੇ 191 ਕਰੋੜ ਰੁਪਏ ਦਾ ਮੁਫ਼ਤ ਇਲਾਜ ਕਰਵਾਇਆ ਹੈ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਪ ਦੇ ਕੌਮੀ ਕਨਵੀਨਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਤੇ ਮਾਤਾ ਕੌਸ਼ੱਲਿਆ ਹਸਪਤਾਲ ਦੀ ਕਾਇਆਂ ਕਲਪ ਕਰਨ ਨਾਲ ਸੂਬੇ ਵਿੱਚ ਸਿਹਤ ਕ੍ਰਾਂਤੀ ਦਾ ਆਗਾਜ਼ ਕੀਤਾ ਸੀ ਅਤੇ ਪਿਛਲੇ ਚਾਰ ਸਾਲਾਂ 'ਚ ਆਪ ਦੀ ਸਰਕਾਰ ਨੇ ਸਿਹਤ ਖੇਤਰ 'ਚ ਲਾਮਿਸਾਲ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 65 ਲੱਖ ਪਰਿਵਾਰਾਂ ਤੇ 3 ਕਰੋੜ ਲੋਕਾਂ ਦੇ ਸਿਹਤ ਕਾਰਡ ਬਣਨੇ ਹਨ, ਜਿਨ੍ਹਾਂ 'ਚੋਂ ਹੁਣ ਤੱਕ 25 ਲੱਖ ਕਾਰਡ ਬਣ ਚੁੱਕੇ ਹਨ ਤੇ ਉਹ ਸਭ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਕਿਸੇ ਬਿਮਾਰੀ ਦੀ ਉਡੀਕ ਕਰਨ ਦੀ ਬਜਾਇ ਪਹਿਲਾਂ ਹੀ ਆਪਣੇ ਇਹ ਕਾਰਡ ਬਣਵਾ ਲੈਣ।

ਮੈਡੀਕਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਰਾਜ ਅੰਦਰ 9 ਹੋਰ ਨਵੇਂ ਮੈਡੀਕਲ ਕਾਲਜ ਬਣ ਰਹੇ ਹਨ, ਜਿਨ੍ਹਾਂ 'ਚੋਂ ਪਹਿਲਾਂ ਹੀ ਚਾਲੂ ਰਿਮਟ ਫ਼ਤਿਹਗੜ੍ਹ ਸਾਹਿਬ, ਈਐਸਆਈ ਲੁਧਿਆਣਾ ਸਮੇਤ ਹੁਸ਼ਿਆਰਪੁਰ, ਕਪੂਰਥਲਾ, ਸੰਗਰੂਰ, ਸ਼ਹੀਦ ਭਗਤ ਸਿੰਘ ਨਗਰ, ਲਹਿਰਾਗਾਗਾ, ਮਲੇਰਕੋਟਲਾ ਤੇ ਲੁਧਿਆਣਾ ਵਿਖੇ ਬਣਨ ਵਾਲੇ ਮੈਡੀਕਲ ਕਾਲਜਾਂ 'ਚ 600 ਨਵੀਂਆਂ ਐਮਬੀਬੀਐਸ ਸੀਟਾਂ ਸ਼ਾਮਲ ਹੋਣਗੀਆਂ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਦਿਆਂ ਸਾਰੇ ਸਰਕਾਰੀ ਮੈਡੀਕਲ ਕਾਲਜਾਂ 'ਚ 200 ਕਰੋੜ ਰੁਪਏ ਦਾ ਸਾਜੋ ਸਮਾਨ ਖਰੀਦਿਆ ਜਾ ਰਿਹਾ ਹੈ ਤੇ ਰਾਜ ਦੇ ਸਾਰੇ ਜ਼ਿਲ੍ਹਿਆਂ 'ਚ 50-50 ਬੈਡਾਂ ਦੀ ਸਹੂਲਤ ਵਾਲੇ 22 ਕ੍ਰਿਟੀਕਲ ਕੇਅਰ ਬਲਾਕ ਬਣਾਏ ਜਾ ਰਹੇ ਹਨ।

ਸਿਹਤ ਮੰਤਰੀ ਨੇ ਦੱਸਿਆ ਕਿ ਮੁਫ਼ਤ ਦਵਾਈਆਂ ਪਹਿਲਾਂ ਹੀ ਦੇਣ ਸਮੇਤ ਡਾਇਗਨੋਸਟਿਕ ਸੇਵਾਵਾਂ ਦਾ ਵਿਸਥਾਰ ਕਰਦੇ ਹੋਏ ਸਾਰੇ ਜ਼ਿਲ੍ਹਾ ਹਸਪਤਾਲਾਂ 'ਚ ਇਸ ਸਾਲ 'ਚ ਐਮ.ਆਰ.ਆਈ, 8 ਹੋਰ ਹਸਪਤਾਲਾਂ 'ਚ ਸੀ.ਟੀ ਸਕੈਨ ਸਹੂਲਤ ਤੋਂ ਇਲਾਵਾ 250 ਬੈਡਾਂ ਵਾਲੇ 7 ਜੱਚਾ-ਬੱਚਾ ਹਸਪਤਾਲ ਚਾਲੂ ਕੀਤੇ ਜਾਣਗੇ ਤੇ ਐਕਸਰੇ ਤੇ ਅਲਟਰਸਾਊਂਡ ਲਈ ਸੂਚੀਬੱਧ 200 ਤੋਂ ਵੱਧ ਪ੍ਰਾਈਵੇਟ ਡਾਇਗੋਸਟਿਕ ਸੈਂਟਰ ਵੀ ਚੱਲ ਰਹੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ 5 ਜ਼ਿਲ੍ਹਿਆਂ 'ਚ ਬ੍ਰੈਸਟ ਕੈਂਸਰ ਤੇ ਸਰਵੀਕਲ ਕੈਂਸਰ ਦੀ ਏ.ਆਈ. ਇਨੇਬਲਡ ਸਕਰੀਨਿੰਗ ਤਹਿਤ 9294 ਔਰਤਾਂ ਦੀ ਜਾਂਚ 'ਚ ਛਾਤੀ ਦੇ ਕੈਂਸਰ ਦੇ 8 ਮਾਮਲੇ ਤੇ 43 ਸਰਵੀਕਲ ਕੈਂਸਰ ਦੇ ਮਾਮਲੇ ਸਾਹਮਣੇ ਆਏ ਜਦਕਿ ਏ ਆਈ ਇਨੇਬਲਡ ਅੱਖਾਂ ਦੀ ਜਾਂਚ 'ਚ 1 ਲੱਖ 7 ਹਜ਼ਾਰ ਲੋਕਾਂ ਦੀ ਜਾਂਚ 'ਚ 21 ਹਜ਼ਾਰ 660 ਨੂੰ ਨਜ਼ਰ ਦੀ ਸਮੱਸਿਆ ਸਾਹਮਣੇ ਆਈ।

ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਰਾਜ ਅੰਦਰ 883 ਆਮ ਆਦਮੀ ਕਲੀਨਿਕਾਂ ਨੇ 5 ਕਰੋੜ ਓਪੀਡੀ ਕਰਕੇ 1.69 ਕਰੋੜ ਲੋਕਾਂ ਦਾ ਮੁਫ਼ਤ ਇਲਾਜ ਕਰਕੇ ਵੱਡਾ ਮਾਅਰਕਾ ਮਾਰਿਆ ਹੈ ਜਦੋਂਕਿ ਸੀ.ਐਮ. ਦੀ ਯੋਗਸ਼ਾਲਾ ਪ੍ਰਾਜੈਕਟ ਨੇ ਵੀ ਸਿਹਤ ਖੇਤਰ 'ਚ ਨਵੀਂ ਕ੍ਰਾਂਤੀ ਲਿਆਂਦੀ ਹੈ ਤੇ 8000 ਯੋਗਾ ਸ਼ੈਸ਼ਨਾਂ ਦਾ 2 ਲੱਖ ਲੋਕ ਰੋਜ਼ਾਨਾ ਲਾਭ ਲੈ ਰਹੇ ਹਨ। ਇਸ ਤੋਂ ਬਿਨ੍ਹਾਂ ਪੰਜਾਬ ਸਰਕਾਰ ਨੇ 948 ਜਨਰਲ ਡਾਕਟਰ ਤੇ 627 ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਭਰਤੀ ਕਰਕੇ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਮੈਡੀਕਲ ਭਰਤੀ ਕੀਤੀ ਹੈ। ਜਦਕਿ ਪੈਰਾਮੈਡੀਕਲ ਪ੍ਰੋਫੈਸ਼ਨਲਜ ਦੀ ਭਰਤੀ 'ਚ 300 ਨਰਸਿੰਗ ਸਟਾਫ ਤੇ 250 ਫਾਰਮਾਸਿਸਟ ਭਰਤੀ ਕਰਨ ਸਮੇਤ 672 ਨਰਸਾਂ ਦੀ ਹੋਰ ਭਰਤੀ ਚੱਲ ਰਹੀ ਹੈ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਜਲਦੀ ਹੀ ਪਟਿਆਲਾ, ਅੰਮ੍ਰਿਤਸਰ ਤੇ ਫਰੀਦਕੋਟ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਆਈ.ਵੀ.ਐਫ਼ ਸਮੇਤ ਮੋਹਾਲੀ 'ਚ ਵੀ ਪੈਟ ਸਕੈਨ ਸਹੂਲਤ ਵੀ ਸ਼ੁਰੂ ਕੀਤੀ ਜਾਵੇਗੀ, ਜਦੋਂਕਿ ਕੋਕਲੀਅਰ ਇੰਪਲਾਂਟ, ਲਿਵਰ ਤੇ ਗੁਰਦਾ ਟਰਾਂਸਪਲਾਂਟ ਸਮੇਤ ਦਿਲ, ਦਿਮਾਗ ਅਤੇ ਰੀਡ ਦੀ ਹੱਡੀ ਦੇ ਉਪਰੇਸ਼ਨ ਵੀ ਇਨ੍ਹਾਂ ਹਸਪਤਾਲਾਂ 'ਚ ਕੀਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਸਰਕਾਰੀ ਰਜਿੰਦਰਾ ਹਸਪਤਾਲ ਦੇ ਸਾਰੇ ਉਪਰੇਸ਼ਨ ਮੌਡੁਲਰ ਉਪਰੇਸ਼ਨ ਥੀਏਟਰ ਬਣ ਗਏ ਹਨ ਤੇ ਇੱਥੇ ਟਰੌਮਾ ਸੈਂਟਰ ਵੀ ਬਣ ਰਿਹਾ ਹੈ, ਜੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੀ ਬਹੁਤ ਵੱਡੀ ਉਪਲਬੱਧੀ ਹੈ। ਉਨ੍ਹਾਂ ਨੇ ਕਿਹਾ ਕਿ ਆਪ ਸਰਕਾਰ ਦਾ ਮੁੱਖ ਮਕਸਦ ਹੈ ਕਿ ਰਾਜ ਦੇ 3 ਕਰੋੜ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮਿਲਣ ਅਤੇ ਸਾਡੇ ਸਰਕਾਰੀ ਹਸਪਤਾਲ ਕਿਸੇ ਪ੍ਰਾਈਵੇਟ ਹਸਪਤਾਲ ਤੋਂ ਘੱਟ ਨਾ ਰਹਿਣ, ਜਿਸ 'ਚ ਅਸੀਂ ਪਿਛਲੇ ਚਾਰ ਸਾਲਾਂ ਅੰਦਰ ਕਾਮਯਾਬ ਵੀ ਹੋਏ ਹਾਂ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ 'ਚ ਦਿਲ ਦੇ ਦੌਰੇ ਦੇ ਮਰੀਜਾਂ ਨੂੰ ਸਮੇਂ ਸਿਰ ਇਲਾਜ ਦੇਣ ਲਈ 23 ਜ਼ਿਲ੍ਹਿਆਂ 'ਚ ਮਿਸ਼ਨ ਅੰਮ੍ਰਿਤ ਸਟੈਮੀ ਪ੍ਰਾਜੈਕਟ ਸ਼ੁਰੂ ਕੀਤਾ ਗਿਆ, ਇਸ ਤਹਿਤ 29000 ਲੋਕਾਂ ਨੂੰ ਛਾਤੀ ਦੇ ਦਰਦ ਨਾਲ ਇਨਰੋਲ ਕੀਤਾ ਗਿਆ ਤੇ ਇਨ੍ਹਾਂ 'ਚੋਂ 800 ਲੋਕਾਂ ਦਾ ਐਮਰਜੈਂਸੀ ਕਾਰਡੀਅਕ ਕੇਅਰ ਤਹਿਤ ਇਲਾਜ ਕੀਤਾ ਗਿਆ। ਜਦਕਿ ਪੰਜਾਬ ਸਟਰੋਕ ਪ੍ਰਾਜੈਕਟ ਤਹਿਤ ਸਿਹਤ ਵਿਭਾਗ ਨੇ ਸੀ.ਐਮ.ਸੀ. ਤੇ ਮੇਡੀਟ੍ਰੋਨਿਕ ਦਰਮਿਆਨ ਸਮਝੌਤਾ ਕਰਵਾਕੇ ਏ.ਆਈ. ਇਨੇਬਲਡ ਸਟ੍ਰੋਕ ਪ੍ਰਾਜੈਕਟ ਸ਼ੁਰੁ ਕੀਤਾ ਤੇ ਹੱਬ ਐਂਡ ਸਪੋਕ ਮਾਡਲ ਸ਼ੁਰੂ ਕਰਕੇ 100 ਮਰੀਜਾਂ ਨੂੰ ਲਾਭ ਦਿੱਤਾ ਤੇ 40 ਮਰੀਜਾਂ ਦਾ ਇਲਾਜ ਕੀਤਾ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਟੈਲੀਮਾਨਸ ਸੈਲ ਵੱਲੋਂ ਸੂਬੇ ਭਰ 'ਚ ਟੋਲ ਫਰੀ ਨੰਬਰ 14416 ਤਹਿਤ ਮਾਨਸਿਕ ਸਿਹਤ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande