
ਪਟਿਆਲਾ, 25 ਮਾਰਚ (ਹਿੰ.ਸ.)। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਕਿਸਾਨ ਅੱਜ ਸਰਕਾਰਾਂ ਦੀ ਬੇਰੁਖੀ ਤੇ ਕਰਜ਼ੇ ਦੇ ਬੋਝ ਹੇਠਾਂ ਆਉਣ ਕਾਰਨ ਰੇਲਵੇ ਟਰੈਕਾਂ ਤੇ ਆਪਣੀਆਂ ਜਾਨਾਂ ਦੇਣ ਨੂੰ ਮਜਬੂਰ ਹੋ ਰਿਹਾ ਹੈ।
ਉਹਨਾਂ ਕਿਹਾ ਕਿ ਜ਼ਿਲ੍ਹਾ ਫਰੀਦਕੋਟ ਦੇ ਕਸਬਾ ਕੋਟਕਪੂਰਾ ਦੇ ਦੋ ਸਕੇ ਭਰਾਵਾਂ ਜਸਕਰਨ ਸਿੰਘ (38) ਅਤੇ ਜੋਰਾ ਸਿੰਘ (34) ਦੇ ਕਰਜੇ ਦੇ ਬੋਝ ਹੇਠਾਂ ਦਬੇ ਹੋਣ ਕਾਰਨ ਰੇਲਗੱਡੀ ਹੇਠ ਸਿਰ ਦੇਕੇ ਖੁਦਕਸ਼ੀਆਂ ਕਰ ਲਈਆਂ ਹਨ। ਇਹ ਅਤਿ ਦੁਖਦਾਈ ਮੰਦਭਾਗੀ ਘਟਨਾ ਖੇਤੀ ਪ੍ਰਧਾਨ ਸੂਬੇ ਦੇ ਨਾਮ ਉੱਤੇ ਬਦਨੁਮਾ ਧੱਬਾ ਹੈ। ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਇਹਨਾਂ ਦੋ ਕੀਮਤੀ ਜਾਨਾਂ ਨੇ ਕੇਂਦਰੀ ਅਤੇ ਸੂਬਾ ਸਰਕਾਰਾਂ ਦੇ ਹਰ ਰੋਜ਼ ਕਿਸਾਨਾਂ ਦੇ ਸੱਚੇ ਮਦੱਈ ਹੋਣ ਦੇ ਨਾਅਰੇ ਮਾਰਨ ਵਾਲੇ ਨੇਤਾਵਾਂ ਦੇ ਖੋਖਲੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਉਹਨਾਂ ਕਿਹਾ ਕਿ ਦੇਸ ਦੇ ਵੱਡੇ-ਵੱਡੇ ਕਰਜੇ ਮੁਆਫ ਕੀਤੇ ਜਾਂਦੇ ਹਨ ਪਰੰਤੂ ਭਾਰਤ ਦੇ ਖਜਾਨਾ ਮੰਤਰੀ ਨੇ ਦੇਸ਼ ਦੀ ਪਾਰਲੀਮੈਂਟ ਵਿਚ ਕਿਸਾਨਾਂ ਦੇ ਕਰਜੇ ਮੁਆਫ ਕਰਨ ਦਾ ਕੇਂਦਰ ਸਰਕਾਰ ਦਾ ਪ੍ਰਸਤਾਵ ਨਹੀਂ ਹੈ, ਜਿਸ ਨੇ ਕਿਸਾਨਾਂ ਦੇ ਰਿਸਦੇ ਜ਼ਖ਼ਮਾਂ ਉੱਤੇ ਲੂਣ ਹੀ ਛਿੜਕਿਆ ਹੈ।
ਉਹਨਾਂ ਕਿਹਾ ਕਿ ਦੇਸ਼ ਨੂੰ ਅੰਨ ਭੰਡਾਰ ਬਣਾਉਣ ਵਾਲੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਨੂੰ ਰੋਕਣ ਅਤੇ ਕਿਸਾਨੀ ਦੀਆਂ ਸਮੱਸਿਆਵਾਂ ਸਰਕਾਰ ਨੂੰ ਥੋਥੇ ਦਾਅਵੇ ਕਰਨ ਦੀ ਥਾਂ ਸਾਰਥਕ ਹੱਲ ਲੱਭਣੇ ਪੈਣਗੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ