ਸੂਬੇ ’ਚ ਹਲਕਾ ਫਤਿਹਗੜ੍ਹ ਸਾਹਿਬ ਨੂੰ ਸਭ ਤੋਂ ਵੱਧ ਕੱਚੇ ਮਕਾਨਾਂ ਦੇ ਪੈਸੇ ਮੁਹੱਈਆ ਹੋਏ - ਵਿਧਾਇਕ ਰਾਏ
ਬਲਾਕ ਸੰਮਤੀ ਖੇੜਾ ਵਿਖੇ ਚੇਅਰਪਰਸਨ ਪਰਮਿੰਦਰ ਕੌਰ ਨੇ ਸੰਭਾਲਿਆ ਕਾਰਜਭਾਰ
ਬਲਾਕ ਸੰਮਤੀ ਖੇੜਾ ਵਿਖੇ ਚੇਅਰਪਰਸਨ ਪਰਮਿੰਦਰ ਕੌਰ ਨੇ ਸੰਭਾਲਿਆ ਕਾਰਜਭਾਰ


ਫਤਿਹਗੜ੍ਹ ਸਾਹਿਬ, 25 ਮਾਰਚ (ਹਿੰ.ਸ.)। ਹਲਕਾ ਫਤਿਹਗੜ੍ਹ ਸਾਹਿਬ ਦੇ ਅਧੀਨ ਆਉਂਦੇ ਬਲਾਕ ਖੇੜਾ ਵਿਖੇ ਚੇਅਰਪਰਸਨ ਪਰਮਿੰਦਰ ਕੌਰ ਪਤਨੀ ਹਰਮੇਸ਼ ਸਿੰਘ ਪੁਨੀਆ ਨੇ ਆਪਣਾ ਕਾਰਜ ਭਾਰ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਦਾ ਸਨਮਾਨ ਕਰਨ ਦੇ ਲਈ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਕਾਰਜ ਤੋਂ ਪਹਿਲਾਂ ਬਲਾਕ ਸੰਮਤੀ ਖੇੜਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ, ਕੀਰਤਨ ਉਪਰੰਤ ਅਟੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਇਲਾਕੇ ਦੇ ਪੰਚ, ਸਰਪੰਚ, ਬਲਾਕ ਸੰਮਤੀ ਮੈਂਬਰਾਂ ਤੋਂ ਇਲਾਵਾ ਮੋਹਤਬਰ ਵਿਅਕਤੀਆਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਹਾਜ਼ਰੀ ਲਗਵਾਈ।

ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਨਵ ਨਿਯੁਕਤ ਚੇਅਰਪਰਸਨ ਪਰਮਿੰਦਰ ਕੌਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਬਲਾਕ ਸੰਮਤੀ ਵੱਲੋਂ ਜਿਹੜੀ ਨਵੀਂ ਟੀਮ ਚੁਣੀ ਗਈ ਹੈ ਇਹ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ, ਜਿਸਦੇ ਨਾਲ ਹਲਕੇ ਦੇ ਲੋਕਾਂ ਨੂੰ ਵਧੀਆ ਅਤੇ ਸੁਖਾਵਾਂ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਸੂਬੇ ਦੇ ਲੋਕਾਂ ਦੀ ਸੇਵਾ ਦੇ ਵਿੱਚ ਦਿਨ ਰਾਤ ਕੰਮ ਕਰ ਰਹੀ ਹੈ, ਜਿਸਦੀ ਬਦੌਲਤ ਸਕੂਲਾਂ ਦੀ ਨੁਹਾਰ ਬਦਲੀ ਗਈ ਹੈ। ਆਮ ਆਦਮੀ ਕਲੀਨਿਕ ਖੋਲੇ ਗਏ ਹਨ ਸਰਕਾਰੀ ਹਸਪਤਾਲਾਂ ਦੀ ਹਾਲਤ ਚ ਸੁਧਾਰ ਕੀਤਾ ਗਿਆ ਹੈ। ਆਮ ਲੋਕਾਂ ਨੂੰ 10 ਲੱਖ ਰੁਪਏ ਤੱਕ ਦੀ ਸਿਹਤ ਬੀਮਾ ਯੋਜਨਾ ਦੇ ਨਾਲ ਜੋੜਿਆ ਗਿਆ ਹੈ। ਹਰ ਪਰਿਵਾਰ ਨੂੰ 300 ਯੂਨਿਟ ਬਿਜਲੀ ਮੁਫਤ ਪ੍ਰਤੀ ਮਹੀਨਾ ਮੁਹੱਈਆ ਕਰਵਾਈ ਜਾ ਰਹੀ ਹੈ।

ਨਹਿਰੀ ਪਾਣੀ ਨੂੰ ਵਰਤੋਂ ਯੋਗ ਬਣਾਉਣ ਦੇ ਲਈ ਬਹੁਤ ਸਾਰੇ ਪਿੰਡਾਂ ਦੇ ਵਿੱਚ ਮੋਗੇ ਲਗਾਏ ਗਏ ਹਨ, ਜਿਸਦੀ ਬਦੌਲਤ ਸੂਬੇ ਭਰ ਦੇ ਵਿੱਚ 78 ਫੀਸਦੀ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਦੇ ਵਿੱਚੋਂ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਸਭ ਤੋਂ ਵੱਧ ਕੱਚੇ ਮਕਾਨਾਂ ਦੇ ਲਈ ਪੈਸੇ ਪ੍ਰਾਪਤ ਹੋਏ ਹਨ, ਇਸ ਲਈ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ। ਆਉਣ ਵਾਲੇ ਇੱਕ ਸਾਲ ਦੇ ਵਿੱਚ ਵਿਕਾਸ ਦੀ ਹੋਰ ਵੀ ਹਨੇਰੀ ਲਿਆਂਦੀ ਜਾਵੇਗੀ ਤਾਂ ਜੋ ਹਲਕੇ ਦੀ ਨੁਹਾਰ ਬਦਲੀ ਜਾ ਸਕੇ। ਇਸ ਮੌਕੇ ਚੇਅਰਪਰਸਨ ਪਰਮਿੰਦਰ ਕੌਰ ਨੇ ਕਾਰਜਭਾਰ ਸੰਭਾਲਣ ਉਪਰੰਤ ਕਿਹਾ ਕਿ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਇਸਨੂੰ ਤਨਦੇਹੀ ਅਤੇ ਇਮਾਨਦਾਰੀ ਦੇ ਨਾਲ ਨਿਭਾਉਣਗੇ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande