
ਹੁਸ਼ਿਆਰਪੁਰ, 25 ਮਾਰਚ (ਹਿੰ.ਸ.)। ਮਨੁੱਖਤਾ ਦੀ ਸੇਵਾ ਅਤੇ ਜਨਹਿਤ ਨੂੰ ਧਿਆਨ ਵਿੱਚ ਰੱਖਦਿਆਂ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਪੰਜਾਬ ਸਰਕਾਰ ਦੇ ਰੰਗਲਾ ਪੰਜਾਬ ਫੰਡ ਵਿੱਚੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਨੂੰ 2 ਐਂਬੂਲੈਂਸਾਂ ਭੇਂਟ ਕੀਤੀਆਂ ਗਈਆਂ। ਉਨ੍ਹਾਂ ਐਂਬੂਲੈਂਸਾਂ ਨੂੰ ਹਰੀ ਝੰਡੀ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਐਂਬੂਲੈਂਸਾਂ ਦੇ ਰਾਹੀਂ ਖਾਸ ਕਰਕੇ ਗਰੀਬ, ਲਾਚਾਰ ਅਤੇ ਦੂਰ-ਦਰਾਜ਼ ਦੇ ਵਸਨੀਕਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣਾ ਆਸਾਨ ਹੋਵੇਗਾ ਅਤੇ ਕੀਮਤੀ ਜਾਨਾਂ ਬਚਾਉਣ ਵਿੱਚ ਮਦਦ ਮਿਲੇਗੀ।ਇਸ ਮੌਕੇ ਡਾ. ਮਨਦੀਪ ਕਮਲ ਸਿਵਲ ਸਰਜਨ ਹੁਸ਼ਿਆਰਪੁਰ, ਡਾ. ਜਤਿੰਦਰ ਭਾਟੀਆ ਜ਼ਿਲ੍ਹਾ ਸਿਹਤ ਅਧਿਕਾਰੀ, ਡਾ. ਸਵਾਤੀ ਸ਼ੀਹਮਾਰ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਨਵਜੋਤ ਸਿੰਘ ਐਸ.ਐਮ.ਓ, ਡਾ. ਨੇਹਾ ਪਾਲ ਐਸ.ਐਮ.ਓ, ਤਰਸੇਮ ਲਾਲ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਰਵਿੰਦਰ ਜੱਸਲ ਡਿਪਟੀ ਮਾਸ ਮੀਡੀਆ ਅਫ਼ਸਰ, ਸਤਪਾਲ ਪੀ.ਏ ਵੀ ਮੌਜੂਦ ਸਨ। ਇਸ ਮੌਕੇ ਜਿੰਪਾ ਨੇ ਕਿਹਾ ਕਿ ਇਹ ਐਂਬੂਲੈਂਸਾਂ ਪੰਜਾਬ ਸਰਕਾਰ ਦੇ ਰੰਗਲਾ ਪੰਜਾਬ ਫੰਡ ਵਿੱਚੋਂ ਦਿੱਤੀ ਗਈ ਹੈ ਤਾਂ ਜੋ ਸਮਾਜ ਦੇ ਹਰ ਵਰਗ ਦੇ ਲੋਕਾਂ, ਖਾਸ ਕਰਕੇ ਜ਼ਰੂਰਤਮੰਦ ਅਤੇ ਗੰਭੀਰ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਲਈ ਹਸਪਤਾਲ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਕਿਹਾ ਕਿ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਸਮਾਜਸੇਵੀ ਸੰਸਥਾ ਨੂੰ ਦਿੱਤੀਆਂ ਗਈਆਂ ਇਹ ਐਂਬੂਲੈਂਸਾਂ ਮਨੁੱਖਤਾ ਦੀ ਸੇਵਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਹ ਵਾਹਨ ਐਮਰਜੈਂਸੀ ਹਾਲਤਾਂ ਵਿੱਚ ਮਰੀਜ਼ਾਂ ਲਈ ਬਹੁਤ ਹੀ ਲਾਭਕਾਰੀ ਸਾਬਿਤ ਹੋਵੇਗਾ ਅਤੇ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰੇਗਾ। ਇਸ ਮੌਕੇ ਡਾਕਟਰ ਨਵਜੋਤ ਸਿੰਘ ਅਤੇ ਡਾਕਟਰ ਨੇਹਾ ਪਾਲ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਹੁਸ਼ਿਆਰਪੁਰ ਵੱਲੋਂ ਵਿਧਾਇਕ ਦਾ ਐਂਬੂਲੈਂਸਾਂ ਭੇਂਟ ਕਰਨ ਲਈ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਇਹ ਭਰੋਸਾ ਦਿੱਤਾ ਗਿਆ ਕਿ ਇਨ੍ਹਾਂ ਐਂਬੂਲੈਂਸਾਂ ਦਾ ਵਧੀਆ ਤਰੀਕੇ ਨਾਲ ਰੱਖ ਰਖਾਵ ਰੱਖਿਆ ਜਾਵੇਗਾ। ਇਹ ਐਂਬੂਲੈਂਸਾਂ ਕੇਵਲ ਮਨੁੱਖਤਾ ਦੀ ਸੇਵਾ ਲਈ ਵਰਤੀ ਜਾਵੇਗੀ ਅਤੇ ਜ਼ਰੂਰਤਮੰਦ ਲੋਕਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ