
ਐਸ.ਏ.ਐਸ ਨਗਰ, 26 ਮਾਰਚ (ਹਿੰ.ਸ.)। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਸੂਬੇ ਨੂੰ ਨਸ਼ਾ-ਮੁਕਤ ਬਣਾਉਣ ਲਈ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਐਸ.ਏ.ਐਸ. ਨਗਰ ਜ਼ਿਲ੍ਹੇ ਦੀ ਡੇਰਾਬੱਸੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ।
ਐਸ.ਐਸ.ਪੀ. ਮੋਹਾਲੀ ਹਰਮਨਦੀਪ ਸਿੰਘ ਹਾਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ.ਪੀ. ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਦੇਖ-ਰੇਖ ਹੇਠ ਖ਼ਾਸ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ। ਜਿਨ੍ਹਾਂ ਦੀ ਅਗਵਾਈ ਇੰਸਪੈਕਟਰ ਸੁਮਿਤ ਮੋਰ (ਐਸ.ਐਚ.ਓ. ਡੇਰਾਬੱਸੀ), ਇੰਸਪੈਕਟਰ ਯੋਗੇਸ਼ ਕੁਮਾਰ (ਐਸ.ਐਚ.ਓ. ਲਾਲੜੂ) ਅਤੇ ਇੰਸਪੈਕਟਰ ਸੁਨੀਲ ਕੁਮਾਰ (ਐਸ.ਐਚ.ਓ. ਹੰਡੇਸਰਾ) ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਸਬ ਡਿਵੀਜ਼ਨ ਡੇਰਾਬੱਸੀ ਵਿੱਚ ਚੈਕਿੰਗ ਅਤੇ ਗਸ਼ਤ ਮੁਹਿੰਮ ਚਲਾਈ।
ਇਸ ਕਾਰਵਾਈ ਦੌਰਾਨ ਚਾਰ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਅਤੇ ਤਿੰਨ ਵੱਖ-ਵੱਖ ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ। ਇਨ੍ਹਾਂ ਵਿੱਚ ਐਫ.ਆਈ.ਆਰ ਨੰਬਰ 128 ਮਿਤੀ 25-03-2026 ਧਾਰਾ 22 ਐਨ.ਡੀ.ਪੀ.ਐਸ ਐਕਟ ਥਾਣਾ ਡੇਰਾਬੱਸੀ, ਐਫ.ਆਈ.ਆਰ ਨੰਬਰ 54 ਮਿਤੀ 25-03-2026 ਧਾਰਾ 27 ਐਨ.ਡੀ.ਪੀ.ਐਸ ਐਕਟ ਥਾਣਾ ਲਾਲੜੂ ਅਤੇ ਐਫ.ਆਈ.ਆਰ ਨੰਬਰ 22 ਮਿਤੀ 25-03-2026 ਧਾਰਾ 27 ਐਨ.ਡੀ.ਪੀ.ਐਸ ਐਕਟ ਥਾਣਾ ਹੰਡੇਸਰਾ ਦਰਜ ਕੀਤੀਆਂ ਗਈਆਂ।
ਗ੍ਰਿਫ਼ਤਾਰ ਦੋਸ਼ੀਆਂ ਦੀ ਪਹਿਚਾਣ ਜਸਵੀਰ ਸਿੰਘ ਵਾਸੀ ਸਰਸਵਤੀ ਵਿਹਾਰ ਡੇਰਾਬੱਸੀ, ਅਜੈ ਕੁਮਾਰ ਉਰਫ਼ ਬਿੱਲਾ ਵਾਸੀ ਪਿੰਡ ਮੁਬਾਰਿਕਪੁਰ, ਇੰਦਰਪਾਲ ਸਿੰਘ ਵਾਸੀ ਪਿੰਡ ਸੰਘੋਠਾ (ਥਾਣਾ ਲਾਲੜੂ) ਅਤੇ ਗੌਰਵ ਰਾਣਾ ਵਾਸੀ ਪਿੰਡ ਰਾਜਾਪੁਰ (ਥਾਣਾ ਹੰਡੇਸਰਾ) ਵਜੋਂ ਹੋਈ ਹੈ। ਚੈਕਿੰਗ ਦੌਰਾਨ ਜਸਵੀਰ ਸਿੰਘ ਅਤੇ ਅਜੈ ਕੁਮਾਰ ਉਰਫ਼ ਬਿੱਲਾ ਦੇ ਕਬਜ਼ੇ ਵਿਚੋਂ 1110 ਲੋਮੋਟਿਲ ਗੋਲੀਆਂ/ਕੈਪਸੂਲ ਬਰਾਮਦ ਕੀਤੇ ਗਏ।
ਪੁਲਿਸ ਦੀ ਹਿਰਾਸਤ 'ਚੋਂ ਭੱਜਣ ਦੀ ਨਾਕਾਮ ਕੋਸ਼ਿਸ਼ ਦੌਰਾਨ ਜਸਵੀਰ ਸਿੰਘ ਅਤੇ ਅਜੈ ਕੁਮਾਰ ਉਰਫ਼ ਬਿੱਲਾ ਨੂੰ ਚੋਟਾਂ ਲੱਗੀਆਂ, ਜਿਸ ਕਾਰਨ ਉਨ੍ਹਾਂ ਦੇ ਹੱਥ ਅਤੇ ਪੈਰ ਵਿੱਚ ਫ੍ਰੈਕਚਰ ਹੋ ਗਿਆ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਸਾਰੇ ਦੋਸ਼ੀ ਪਹਿਲਾਂ ਵੀ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਰਹੇ ਹਨ ਅਤੇ ਵੱਖ-ਵੱਖ ਥਾਣਿਆਂ ਵਿੱਚ ਉਨ੍ਹਾਂ ਖ਼ਿਲਾਫ਼ ਕਈ ਐਫ.ਆਈ.ਆਰ ਦਰਜ ਹਨ। ਬਰਾਮਦ ਨਸ਼ੀਲੇ ਪਦਾਰਥ ਦੀ ਸਪਲਾਈ ਚੇਨ ਅਤੇ ਸਰੋਤ ਦਾ ਪਤਾ ਲਗਾਉਣ ਲਈ ਅੱਗੇ ਦੀ ਜਾਂਚ ਜਾਰੀ ਹੈ। ਐੱਸ. ਐੱਸ. ਪੀ ਨੇ ਦੁਹਰਾਇਆ ਹੈ ਕਿ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ