ਧੀਆਂ ਦੀ ਪੜ੍ਹਾਈ ਨੂੰ ਪ੍ਰੋਤਸਾਹਨ : ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਘਰਾਂ ਅੱਗੇ ਲਿਖੀਆਂ ਜਾ ਰਹੀਆਂ ਹਨ ਡਿਗਰੀਆਂ
'ਮੇਰੀ ਯੋਗਤਾ ਮੇਰੀ ਪਹਿਚਾਣ' ਮੁਹਿੰਮ ਤਹਿਤ 11 ਮਹਿਲਾਵਾਂ ਦੇ ਘਰਾਂ ਅੱਗੇ ਲੱਗੀਆਂ ਨੇਮ ਪਲੇਟਾਂ
ਪਿੰਡ ਮਾਣਕਵਾਲ ’ਚ 'ਮੇਰੀ ਯੋਗਤਾ ਮੇਰੀ ਪਹਿਚਾਣ' ਤਹਿਤ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਉੱਚ ਯੋਗਤਾ ਪ੍ਰਾਪਤ ਕਰਨ ਵਾਲੀਆਂ 11 ਮਹਿਲਾਵਾਂ ਦੇ ਘਰਾਂ ਅੱਗੇ ਉਨ੍ਹਾਂ ਦੇ ਨਾਮ ਵਾਲੀਆਂ ਪਲੇਟਾਂ ਲਗਾਈਆਂ ਗਈਆਂ


ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਪਿੰਡ ਮਾਣਕਵਾਲ ਦੇ ਪੁਰਾਤਨ ਗੇਟ ਦਾ ਵੀ ਦੌਰਾ ਕੀਤਾ ਜੋ ਸੰਨ 1705 ਦਾ ਬਣਿਆ ਹੋਇਆ ਹੈ। ਡਿਪਟੀ ਕਮਿਸ਼ਨਰ ਨੇ ਪਿੰਡ ਮਾਣਕਵਾਲ ਵਾਸੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਇਹ ਪੁਰਾਤਨ ਗੇਟ ਪਿੰਡ ਮਾਣਕਵਾਲ ਦੀ ਇਤਿਹਾਸਕ ਨਿਸ਼ਾਨੀ ਵਜੋਂ ਸੰਭਾਲ ਕੇ ਰੱਖਿਆ ਹੈ।


ਲੁਧਿਆਣਾ, 26 ਮਾਰਚ (ਹਿੰ.ਸ.)। ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਪਿੰਡ ਮਾਣਕਵਾਲ ਦੇ ਕਮਿਊਨਟੀ ਹਾਲ ਵਿਖੇ 'ਮੇਰੀ ਯੋਗਤਾ ਮੇਰੀ ਪਹਿਚਾਣ' ਤਹਿਤ ਉੱਚ ਯੋਗਤਾ ਪ੍ਰਾਪਤ ਕਰਨ ਵਾਲੀਆਂ ਮਹਿਲਾਵਾਂ ਦੇ ਘਰਾਂ ਅੱਗੇ ਉਨ੍ਹਾਂ ਦੇ ਨਾਮ ਸਮੇਤ ਪ੍ਰਾਪਤ ਉੱਚ ਯੋਗਤਾ ਲਿਖ ਕੇ ਨੇਮ ਪਲੇਟਾਂ ਲਗਾਉਣ ਲਈ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਹਿਮਾਸ਼ੂ ਜੈਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਸਹਾਇਕ ਕਮਿਸ਼ਨਰ ਡਾ. ਪ੍ਰਗਤੀ ਵਰਮਾ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀ ਗੁਰਮੀਤ ਸਿੰਘ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਜੇਕਰ ਦੇਖਿਆ ਜਾਵੇ ਤਾਂ ਪਿਛਲਿਆਂ ਵਰ੍ਹਿਆਂ ਦੌਰਾਨ ਸਾਡੀਆਂ ਬੇਟੀਆਂ ਅਤੇ ਭੈਣਾਂ ਨਾਲ ਵਿਤਕਰਾ ਹੁੰਦਾ ਆਇਆ ਹੈ। ਜਿਆਦਾ ਪਰਿਵਾਰਾਂ ਵਿੱਚ ਬੇਟੀਆਂ ਨੂੰ ਆਪਣੇ ਭਰਾ ਦੇ ਮੁਕਾਬਲੇ ਪੜ੍ਹਾਈ ਕਰਕੇ ਅੱਗੇ ਵਧਣ ਵਿੱਚ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਇੰਨੀਆਂ ਕਠਿਨਾਈਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਉੱਚ ਡਿਗਰੀਆਂ ਲੈਣ ਵਿੱਚ ਕਾਮਯਾਬ ਹੁੰਦੀਆਂ ਹਨ ਤਾਂ ਸਾਡਾ ਵੀ ਫਰਜ ਬਣਦਾ ਹੈ ਕਿ ਬੇਟੀਆਂ ਅਤੇ ਭੈਣਾਂ ਨੂੰ ਬਣਦਾ ਸਨਮਾਨ ਦੇਈਏ। ਸੋ ਇਸ ਸਿਲਸਿਲੇ ਵਿੱਚ ਅਸੀਂ ਇਹ ਪ੍ਰੋਗਰਾਮ ਕੀਤਾ ਹੈ।

ਹਿਮਾਂਸ਼ੂ ਜੈਨ ਨੇ ਅੱਗੇ ਕਿਹਾ ਕਿ ਇਸ ਪ੍ਰੋਗਰਾਮ ਨੂੰ ਅਸੀਂ ਪੂਰੇ ਜ਼ਿਲ੍ਹਾ ਲੁਧਿਆਣਾ ਵਿੱਚ ਲਾਗੂ ਕਰਾਂਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਵੀ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਇਸ ਪ੍ਰੋਗਰਾਮ ਦੀ ਲੁਧਿਆਣਾ ਤੋਂ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸਾਡੀ ਕੋਈ ਵੀ ਬੇਟੀ ਅਤੇ ਭੈਣ ਜੋ ਚਾਹੇਗੀ ਕਿ ਉਸਦੇ ਘਰ ਅੱਗੇ ਉਸ ਦੀ ਨੇਮ ਪਲੇਟ ਲਗਾ ਕੇ ਉਸ ਦੀਆਂ ਪ੍ਰਾਪਤ ਕੀਤੀਆਂ ਡਿਗਰੀਆਂ ਨੂੰ ਲਿਖਿਆ ਜਾਵੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਉਸ ਬੇਟੀ ਅਤੇ ਭੈਣ ਦੇ ਘਰ ਅੱਗੇ ਉਸ ਦੀਆਂ ਪ੍ਰਾਪਤ ਕੀਤੀਆਂ ਡਿਗਰੀਆਂ ਦੀ ਨੇਮ ਪਲੇਟ ਬਣਾ ਕੇ ਲਗਵਾਏਗਾ ਤਾਂ ਜੋ ਉਹ ਅੱਗੇ ਤੋਂ ਹੋਰ ਪੜ੍ਹਾਈ ਕਰਕੇ ਡਿਗਰੀਆਂ ਪ੍ਰਾਪਤ ਕਰ ਸਕਣ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਉਭਰਨ ਵਿੱਚ ਸਹਾਇਤਾ ਮਿਲ ਸਕੇ। ਉਨ੍ਹਾਂ ਕਿਹਾ ਕਿ ਇਹਨਾਂ ਨੇਮ ਪਲੇਟਾਂ ਨੂੰ ਦੇਖ ਕੇ ਸਾਡੀਆਂ ਹੋਰ ਬੇਟੀਆਂ ਅਤੇ ਭੈਣਾਂ ਵਿੱਚ ਵੀ ਉੱਚ ਯੋਗਤਾ ਦੀਆਂ ਡਿਗਰੀਆਂ ਹਾਸਲ ਕਰਨ ਦਾ ਉਤਸ਼ਾਹ ਵਧੇਗਾ। ਉਨ੍ਹਾਂ ਜ਼ਿਲ੍ਹਾ ਲੁਧਿਆਣਾ ਦੇ ਵਾਸੀਆਂ ਨੂੰ ਕਿਹਾ ਕਿ ਮੈਨੂੰ ਉਮੀਦ ਹੈ ਕਿ ਤੁਹਾਡੇ ਸਾਰਿਆਂ ਦੀ ਮਦਦ ਨਾਲ ਅਸੀਂ ਇਹਨਾਂ ਉੱਚ ਯੋਗਤਾ ਪ੍ਰਾਪਤ ਕਰਨ ਵਾਲੀਆਂ ਬੇਟੀਆਂ ਅਤੇ ਭੈਣਾਂ ਦੇ ਘਰਾਂ ਅੱਗੇ ਨੇਮ ਪਲੇਟਾਂ ਲਗਾਉਣ ਦੇ ਇਸ ਟੀਚੇ ਨੂੰ ਪੂਰਾ ਕਰ ਸਕਾਂਗੇ। ਇਸ ਨਾਲ ਸਾਡੀਆਂ ਬੇਟੀਆਂ ਅਤੇ ਭੈਣਾਂ ਬਹੁਤ ਸਫਲਤਾ ਪ੍ਰਾਪਤ ਕਰ ਸਕਣਗੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬਾ ਭਰ ਵਿੱਚ ਔਰਤਾਂ ਨੂੰ ਸ਼ਾਸਨ ਅਤੇ ਪ੍ਰਸ਼ਾਸਨ ਵਿੱਚ ਵੱਧ ਤੋਂ ਵੱਧ ਮੌਕੇ ਦੇ ਕੇ ਸਮਰੱਥ ਬਣਾਉਣ ਲਈ ਠੋਸ ਯਤਨ ਕੀਤੇ ਹਨ।

ਪਿੰਡ ਮਾਣਕਵਾਲ ਦੇ ਸਰਪੰਚ ਮਨਪ੍ਰੀਤ ਸਿੰਘ ਮਨੂੰ ਅਤੇ ਸਮੁੱਚੀ ਪੰਚਾਇਤ ਨੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦਾ ਪਿੰਡ ਮਾਣਕਵਾਲ ਪਹੁੰਚਣ ਤੇ ਸਵਾਗਤ ਕੀਤਾ। ਸਰਪੰਚ ਮਨਪ੍ਰੀਤ ਸਿੰਘ ਮਨੂੰ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦੀਆਂ ਉੱਚ ਯੋਗਤਾ ਹਾਸਲ ਕਰਨ ਵਾਲੀਆਂ ਲੜਕੀਆਂ ਦੇ ਘਰਾਂ ਅੱਗੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਪਲੇਟਾਂ ਲਗਾ ਕੇ ਜੋ ਸਤਿਕਾਰ ਦਿੱਤਾ ਹੈ ਉਸ ਲਈ ਪੰਚਾਇਤ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਦੀ ਧੰਨਵਾਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀਆਂ ਜਿਨ੍ਹਾਂ ਧੀਆਂ ਦੇ ਘਰਾਂ ਅੱਗੇ ਉਨ੍ਹਾਂ ਦੀ ਪ੍ਰਾਪਤ ਉੱਚ ਯੋਗਤਾ ਕਰਕੇ ਨੇਮ ਪਲੇਟ ਲੱਗੀ ਹੈ ਉਨ੍ਹਾਂ ਧੀਆਂ ਕਰਕੇ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਪਿੰਡ ਮਾਣਕਵਾਲ ਦਾ ਮਾਣ ਵੀ ਵਧਾਇਆ ਹੈ। ਉਹਨਾਂ ਕਿਹਾ ਕਿ ਪਿੰਡ ਦੀਆਂ ਹੋਰ ਧੀਆਂ ਵੀ ਇਹਨਾਂ ਨੂੰ ਦੇਖ ਕੇ ਉੱਚ ਵਿੱਦਿਆ ਹਾਸਿਲ ਕਰਕੇ ਉਹ ਅਹੁਦੇ ਪ੍ਰਾਪਤ ਕਰਨਗੀਆਂ।

ਸਮਾਗਮ ਤੋਂ ਬਾਅਦ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ ਨਾਲ ਪਿੰਡ ਮਾਣਕਵਾਲ ਦੇ ਪੁਰਾਤਨ ਗੇਟ ਦਾ ਵੀ ਦੌਰਾ ਕੀਤਾ ਜੋ ਸੰਨ 1705 ਦਾ ਬਣਿਆ ਹੋਇਆ ਹੈ। ਡਿਪਟੀ ਕਮਿਸ਼ਨਰ ਨੇ ਪਿੰਡ ਮਾਣਕਵਾਲ ਵਾਸੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਇਹ ਪੁਰਾਤਨ ਗੇਟ ਪਿੰਡ ਮਾਣਕਵਾਲ ਦੀ ਇਤਿਹਾਸਕ ਨਿਸ਼ਾਨੀ ਵਜੋਂ ਸੰਭਾਲ ਕੇ ਰੱਖਿਆ ਹੈ।

ਇਸ ਮੌਕੇ ਸੀ.ਡੀ.ਪੀ.ਓ ਡੇਹਲੋਂ ਨਿਕਿਤਾ ਢੀਂਗਰਾ, ਪਿੰਡ ਮਾਣਕਵਾਲ ਦੇ ਸਰਪੰਚ ਮਨਪ੍ਰੀਤ ਸਿੰਘ ਮਨੂੰ, ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਮੈਂਬਰ ਲਖਵੀਰ ਕੌਰ, ਪੰਚਾਇਤ ਮੈਂਬਰ ਕਰਮਜੀਤ ਕੌਰ, ਪੰਚਾਇਤ ਮੈਂਬਰ ਰਮਨਦੀਪ ਕੌਰ, ਪੰਚਾਇਤ ਮੈਂਬਰ ਰੁਪਿੰਦਰ ਕੌਰ, ਪੰਚਾਇਤ ਮੈਂਬਰ ਪੂਜਾ ਤਨਵਰ, ਪੰਚਾਇਤ ਮੈਂਬਰ ਗੁਰਿੰਦਰ ਸਿੰਘ ਗੁਰੀ, ਪੰਚਾਇਤ ਮੈਂਬਰ ਗੁਰਮੀਤ ਸਿੰਘ, ਯੂਥ ਪ੍ਰਧਾਨ ਦਲਜੀਤ ਸਿੰਘ ਤੋਂ ਵੱਡੀ ਗਿਣਤੀ ਵਿੱਚ ਮਹਿਲਾਵਾਂ ਅਤੇ ਪਿੰਡ ਵਾਸੀ ਹਾਜ਼ਰ ਸਨ।

ਪਿੰਡ ਮਾਣਕਵਾਲ ਦੇ 'ਮੇਰੀ ਯੋਗਤਾ ਮੇਰੀ ਪਹਿਚਾਣ' ਤਹਿਤ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਉੱਚ ਯੋਗਤਾ ਪ੍ਰਾਪਤ ਕਰਨ ਵਾਲੀਆਂ 11 ਮਹਿਲਾਵਾਂ ਦੇ ਘਰਾਂ ਅੱਗੇ ਉਨ੍ਹਾਂ ਦੇ ਨਾਮ ਸਮੇਤ ਪ੍ਰਾਪਤ ਉੱਚ ਯੋਗਤਾ ਲਿਖ ਕੇ ਨੇਮ ਪਲੇਟਾਂ ਲਗਾਈਆ ਗਈਆ ਹਨ ਉਨ੍ਹਾਂ ਵਿੱਚ ਪਰਮਿੰਦਰ ਕੌਰ ਪਤਨੀ ਕੁਲਵਿੰਦਰ ਸਿੰਘ, ਮਨਪ੍ਰੀਤ ਕੌਰ ਪਤਨੀ ਉਨਕਾਰ ਸਿੰਘ, ਪਰਮਿੰਦਰ ਕੌਰ ਪਤਨੀ ਸੰਦੀਪ ਸਿੰਘ, ਸੁਖਵੀਰ ਕੌਰ ਪਤਨੀ ਕੁਲਵਿੰਦਰ ਸਿੰਘ, ਮਨਦੀਪ ਕੌਰ ਪਤਨੀ ਜਗਜੀਤ ਸਿੰਘ, ਮਨਪ੍ਰੀਤ ਕੌਰ ਪਤਨੀ ਅਮਨਦੀਪ ਸਿੰਘ, ਕਿਰਨਦੀਪ ਕੌਰ ਪੁੱਤਰੀ ਸੁਰਜੀਤ ਸਿੰਘ, ਸਿਮਰਨਜੀਤ ਕੌਰ ਪੁੱਤਰੀ ਸਮਸ਼ੇਰ ਸਿੰਘ, ਪਲਵਿੰਦਰ ਕੌਰ ਪਤਨੀ ਅਮਨਦੀਪ ਸਿੰਘ, ਰਮਨਦੀਪ ਕੌਰ ਪੁੱਤਰੀ ਹਰੀ ਸਿੰਘ, ਲਖਬੀਰ ਕੌਰ ਪਤਨੀ ਚਰਨਜੀਤ ਸਿੰਘ ਦੇ ਨਾਮ ਸ਼ਾਮਿਲ ਹਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande