
ਬਟਾਲਾ, 26 ਮਾਰਚ (ਹਿੰ.ਸ.)। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਦੀ ਯੋਗ ਅਗਵਾਈ ਹੇਠ ਅਜੀਤ ਬਾਲਾ ਜ਼ੋਸ਼ੀ ਵਿੱਤ ਕਮਿਸ਼ਨਰ ਸਹਿਕਾਰਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਹਿਕਾਰੀ ਖੰਡ ਮਿੱਲ ਬਟਾਲਾ ਵਿਖੇ ਉੱਨਤ ਗੰਨਾ ਖੇਤੀ ਅਤੇ ਉੱਚ ਉੱਪਜ ਤਕਨੀਕਾਂ ਸਬੰਧੀ ਗੰਨਾ ਕਾਸ਼ਤਕਾਰਾਂ ਨੂੰ ਜਾਣਕਾਰੀ ਦੇਣ ਵਾਸਤੇ ਰਾਜ ਪੱਧਰੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਬਟਾਲਾ, ਅਜਨਾਲਾ ਅਤੇ ਗੁਰਦਾਸਪੁਰ ਖੰਡ ਮਿੱਲਾਂ ਨਾਲ ਸਬੰਧਤ 500 ਦੇ ਲਗਭਗ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਗੰਨੇ ਦੀ ਕਾਸ਼ਤ ਨਾਲ ਸਬੰਧਤ ਇਸ ਸੈਮੀਨਾਰ ਵਿੱਚ ਡਾ. ਅਮਰੀਕ ਸਿੰਘ ਕੇਨ ਕਮਿਸ਼ਨਰ ਪੰਜਾਬ ਅਤੇ ਖੰਡ ਮਿੱਲ ਬਟਾਲਾ ਦੇ ਕਿਰਨਦੀਪ ਕੌਰ ਬੋਪਾਰਾਏ ਵੀ ਮੌਜੂਦ ਸਨ।
ਕਿਸਾਨਾਂ ਨੂੰ ਗੰਨੇ ਦੀ ਫਸਲ ਦੀ ਉੱਨਤ ਖੇਤੀ ਅਤੇ ਵਧੇਰੇ ਝਾੜ ਪ੍ਰਾਪਤ ਕਰਨ ਸਬੰਧੀ ਜਾਣਕਾਰੀ ਦੇਣ ਲਈ ਮਹਾਰਾਸ਼ਟਰ ਤੋਂ ਡਾ. ਸੁਰੇਸ਼ ਐਮ. ਪਵਾਰ (ਪੀ.ਐਚ.ਡੀ) ਸ਼ੂਗਰਕੇਨ ਬਰੀਡਰ ਅਤੇ ਸ਼ੂਗਰਕੇਨ ਸਪੈਸ਼ਲਿਸਟ ਅਤੇ ਡਾ. ਸੰਜੀਵ ਮਾਨੇ ਸ਼ੂਗਰਕੇਨ ਸਪੈਸ਼ਲਿਸਟ ਹਾਜਰ ਅਤੇ ਡਾ. ਗੁਲਜਾਰ ਸਿੰਘ ਸੰਘੇੜਾ, ਡਾਇਰੈਕਟਰ ਸੂਗਰਕੇਨ ਰਿਸਰਚ ਸਟੇਸ਼ਨ, ਕਪੂਰਥਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਮਿੱਲ ਦੀ ਜਨਰਲ ਮੈਨੇਜਰ ਕਿਰਨਦੀਪ ਕੌਰ ਬੋਪਾਰਾਏ ਵੱਲੋਂ ਸੈਮੀਨਾਰ ਵਿੱਚ ਪਹੁੰਚੇ ਵਿਸ਼ੇਸ਼ ਮਹਿਮਾਨਾਂ ਅਤੇ ਕਿਸਾਨਾਂ ਨੂੰ ਜੀ ਆਇਆ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਅਰਸ਼ਦੀਪ ਸਿੰਘ ਥਿੰਦ, ਐਮਡਮਨ ਸੈਕਟਰੀ, ਖੇਤੀਬਾੜੀ ਵਿਭਾਗ ਪੰਜਾਬ ਅਤੇ ਡਾ. ਸੇਨੂੰ ਦੁੱਗਲ ਪ੍ਰਬੰਧ ਨਿਰਦੇਸ਼ਕ ਸੂਗਰਫੈਡ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਗੁਰੂ ਨਾਨਕ ਦੇਵ ਸੂਗਰਕੇਨ ਰਿਸਰਚ ਅਤੇ ਡਿਵੈਲਪਮੈਂਟ ਇੰਸਟੀਚਿਊਟ ਕਲਾਨੌਰ ਵਿਖੇ ਗੰਨੇ ਦੀਆਂ ਪ੍ਰਮਾਣਿਤ ਅਤੇ ਨਵੀਆਂ ਕਿਸਮਾਂ ਦੀ ਨਰਸਰੀ ਤਿਆਰ ਕਰਨ ਦੀ ਵਿਉਂਤਬੰਦੀ ਕੀਤੀ ਗਈ ਹੈ ਤਾਂ ਕਿ ਭਵਿੱਖ ਵਿੱਚ ਗੰਨੇ ਅਧੀਨ ਰਕਬਾ ਅਤੇ ਗੰਨੇ ਦਾ ਉਤਪਾਦਨ ਵਧਾਇਆ ਜਾ ਸਕੇ।
ਸੈਮੀਨਾਰ ਦੌਰਾਨ ਡਾ. ਗੁਰਇਕਬਾਲ ਸਿੰਘ ਕਾਹਲੋਂ, ਸਾਬਕਾ ਗੰਨਾ ਸਲਾਹਕਾਰ ਸ਼ੂਗਰਫੈਡ ਵੱਲੋਂ ਗੰਨੇ ਦੀ ਫਸਲ ਦੇ ਮਸ਼ੀਨੀਕਰਣ ਬਾਰੇ ਵਿਸਥਾਰ-ਪੂਰਵਕ ਚਾਨਣਾ ਪਾਇਆ ਗਿਆ। ਡਾ. ਗੁਲਜਾਰ ਸਿੰਘ ਸੰਘੇੜਾ ਡਾਇਰੇਕਟਰ ਸ਼ੂਗਰਕੇਨ ਰਿਸਰਚ ਸਟੇਸ਼ਨ (ਪੀ.ਏ.ਯੂ.) ਕਪੂਰਥਲਾ ਨੇ ਪੰਜਾਬ ਰਾਜ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਗੰਨੇ ਦੀਆਂ ਅਗੇਤੀਆਂ ਅਤੇ ਦਰਮਿਆਨੀਆਂ ਪ੍ਰਮਾਣਿਤ ਕਿਸਮਾਂ ਅਤੇ ਇਨ੍ਹਾਂ ਦੇ ਬਿਜਾਈ ਸ਼ਡਿਊਲ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਗਈ।
ਡਾ. ਅਮਰੀਕ ਸਿੰਘ ਕੇਨ ਕਮਿਸ਼ਨਰ ਪੰਜਾਬ ਨੇ ਦੱਸਿਆ ਕਿ ਰਾਜ ਦੀਆਂ ਖੰਡ ਮਿੱਲਾਂ ਨੂੰ ਪੂਰੀ ਸਮਰੱਥਾ ਤੇ ਚਲਾਉਣ ਵਾਸਤੇ ਗੰਨੇ ਦਾ ਉਤਪਾਦਨ ਵਧਾਉਣ ਵਾਲੀਆਂ ਤਕਨੀਕਾਂ ਅਪਨਾਉਣ ਅਤੇ ਲੇਬਰ ਦੀ ਸਮੱਸਿਆ ਨੂੰ ਹੱਲ ਕਰਨ ਲਈ ਗੰਨੇ ਦੀ ਖੇਤੀ ਦਾ ਮਸ਼ੀਨੀਕਰਣ ਕਰਨਾ ਸਮੇਂ ਦੀ ਮੁੱਖ ਲੋੜ ਹੈ।
ਮਹਾਰਾਸ਼ਟਰ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਗੰਨਾ ਵਿਗਿਆਨੀ ਡਾ. ਸੁਰੇਸ਼ ਐਮ. ਪਵਾਰ ਨੇ ਮਹਾਂਰਾਸ਼ਟਰ ਸਟੇਟ ਦੀਆਂ ਗੰਨੇ ਦੀਆਂ ਵਿਕਸਤ ਕਿਸਮਾਂ ਅਤੇ ਮਹਾਂਰਸ਼ਟਰ ਦਾ ਗੰਨਾ ਖੇਤੀ ਪੈਟਰਨ ਕਿਸਾਨਾਂ ਨਾਲ ਸਾਂਝਾ ਕੀਤਾ ਅਤੇ ਗੰਨਾ ਖੇਤੀ ਦੀਆਂ ਵੱਖ ਵੱਖ ਤਕਨੀਕਾਂ, ਕੀੜੇ ਮਕੌੜਿਆਂ ਦੀ ਪਛਾਣ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਕਿਸਾਨਾਂ ਨੂੰ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਗੰਨੇ ਦੀ ਫਸਲ ਦੀ ਬਿਜਾਈ ਵਾਸਤੇ ਵੱਖਰੀ ਸੀਡ ਨਰਸਰੀ ਤਿਆਰ ਕਰਨੀ ਚਾਹੀਦੀ ਹੈ। ਡਾ. ਮਾਨੇ, ਜੋ ਕਿ ਵਿਸ਼ਵ ਪੱਧਰ ਦੇ ਗੰਨਾ ਸਪੈਸ਼ਲਿਸਟ ਹਨ, ਵੱਲੋਂ ਗੰਨੇ ਦੀ ਫਸਲ ਵਾਸਤੇ ਜ਼ਮੀਨ ਵਿੱਚ ਲੋੜੀਦੇ ਪੋਸ਼ਟਿਕ ਅਤੇ ਰਸਾਇਣਕ ਤੱਤਾਂ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵੱਲੋਂ ਵਿਸ਼ੇਸ਼ ਤੌਰ ਤੇ ਦੱਸਿਆ ਗਿਆ ਕਿ ਗੰਨੇ ਦੀ ਭਰਪੂਰ ਫਸਲ ਵਾਸਤੇ ਜਮੀਨ ਵਿੱਚ ਔਰਗੈਨਿਕ ਕਾਰਬਨ ਦਾ ਹੋਣਾ ਅਤਿ ਜ਼ਰੂਰੀ ਹੈ ਜਿਸਦੀ ਪੂਰਤੀ ਗੋਬਰ ਖਾਦ ਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਗੰਨੇ ਦੀ ਫਸਲ ਵਾਸਤੇ ਬੀਜ ਨਰੋਈ ਅਤੇ ਰੋਗ ਰਹਿਤ ਸੀਡ ਨਰਸਰੀ ਤੋਂ ਹੀ ਲੈਣਾ ਚਾਹੀਦਾ ਹੈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਗੰਨੇ ਦੀ ਫਸ਼ਲ ਵਾਸਤੇ ਸੂਰਜ ਦੀ ਰੋਸ਼ਨੀ ਦੀ ਬਹੁਤ ਮਹੱਤਤਾ ਹੈ ਕਿਉਂਕਿ ਗੰਨਾ ਸੂਰਜੀ ਪ੍ਰਕਾਸ਼ ਸੰਸਲੇਸ਼ਣ ਤੋਂ ਪੱਤਿਆਂ ਰਾਹੀਂ ਖੁਰਾਕ ਹਾਸਲ ਕਰਦਾ ਹੈ, ਇਸ ਲਈ ਗੰਨਾ ਟਰੰ'ਚ ਵਿਧੀ ਨਾਲ ਬੀਜਣ ਤੇ ਝਾੜ ਵੱਧ ਮਿਲਦਾ ਹੈ। ਡਾ. ਮਾਨੇ ਨੇ ਗੰਨੇ ਦੀ ਸਿੰਜਾਈ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਗੰਨੇ ਦੀ ਫਸਲ ਵਾਸਤੇ ਡਰਿੱਪ ਇਰੀਗੇਸ਼ਨ/ਸ਼ਾਵਰ ਵਿਧੀ ਅਪਨਾਉਣ ਨਾਲ ਗੰਨੇ ਦੀ ਫਸਲ ਦਾ ਵਾਧਾ ਜਿਆਦਾ ਹੈ ਹੁੰਦਾ ਹੈ। ਸੈਮੀਨਾਰ ਵਿੱਚ ਸੰਦੀਪ ਸਿੰਘ ਰੰਧਾਵਾ ਸਾਬਕਾ ਡਾਇਰੈਕਟਰ, ਸਵਿੰਦਰ ਸਿੰਘ ਰੰਧਾਵਾ ਸਾਬਕਾ ਡਾਇਰੈਕਟਰ ਸਮੇਤ ਭਾਰੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ