
ਨਵਾਂਸ਼ਹਿਰ, 27 ਮਾਰਚ (ਹਿੰ.ਸ.)। ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਭਰੋਸਾ ਦੁਆਇਆ ਕਿ ਜ਼ਿਲ੍ਹੇ ਵਿੱਚ ਐਲ.ਪੀ.ਜੀ. ਸੈਲੰਡਰ, ਪੈਟਰੋਲ ਜਾਂ ਡੀਜ਼ਲ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਵਿੱਚ ਜ਼ਰੂਰੀ ਵਸਤਾਂ ਦੀ ਉਪਲਬਧਤਾ ਬਾਰੇ ਡਰਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਗੈਸ ਏਜੰਸੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਕਾਲਾ ਬਾਜ਼ਾਰੀ ਨਹੀਂ ਹੋਣ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੁਹਾਰਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡੀਜ਼ਲ ਤੇ ਪੈਟਰੋਲ ਅਤੇ ਐਲ.ਪੀ.ਜੀ. ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਸਥਿਤੀ ੳਤੇ ਬਾਰੀਕੀ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ’ਤੇ ਅਧਿਕਾਰੀਆਂ, ਐਲ.ਪੀ.ਜੀ ਅਤੇ ਪੈਟਰੋਲੀਅਮ ਡੀਲਰਾਂ ਨਾਲ ਮੀਟਿੰਗ ਕਰਕੇ ਜ਼ਿਲ੍ਹੇ ਵਿੱਚ ਜਰੂਰੀ ਚੀਜਾਂ ਦੇ ਸਟਾਕ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਲੋੜੀਂਦੀ ਮਾਤਰਾ ਵਿੱਚ ਐਲ.ਪੀ.ਜੀ. ਅਤੇ ਪੈਟਰੋਲੀਅਮ ਪਦਾਰਥਾ ਉਪਲਬੱਧ ਹਨ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਡਰਨ ਦੀ ਲੋੜ ਨਹੀਂ ਹੈ।
ਉਨ੍ਹਾਂ ਜ਼ਿਲ੍ਹਾ ਵਾਸੀਆ ਨੂੰ ਅਪੀਲ ਕੀਤੀ ਕਿ ਘਬਰਾਕੇ ਪੈਟਰੋਲ, ਡੀਜ਼ਲ ਤੇ ਐਲ.ਪੀ.ਜੀ.ਸਿਲੰਡਰ ਖ਼ਰੀਦ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹਾ ਵਤੀਰਾ ਬੇਲੋੜੀ ਪਰੇਸ਼ਾਨੀ ਅਤੇ ਸਪਲਾਈ ਚੇਨ ਦੇ ਪ੍ਰਬੰਧ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪਹਿਲਾਂ ਹੀ ਜ਼ਰੂਰੀ ਚੀਜਾਂ ਦੀ ਦੂਰਵਰਤੋਂ ਨੂੰ ਰੋਕਣ ਲਈ ਜ਼ਰੂਰੀ ਸੇਵਾਵਾਂ ਪ੍ਰਬੰਧਨ ਕਾਨੂੰਨ (ਈ.ਐਸ.ਐਮ.ਏ.) ਨੂੰ ਲਾਗੂ ਕੀਤਾ ਗਿਆ ਹੈ। ਉਨ੍ਹਾਂ ਤਾੜਨਾ ਕੀਤੀ ਜ਼ਰੂਰੀ ਚੀਜਾਂ ਜਿਵੇਂ ਐਲ.ਪੀ.ਜੀ. ਸਿਲੰਡਰ ਅਤੇ ਪੈਟਰੋਲੀਅਮ ਪਦਾਰਥਾਂ ਦੀ ਕਾਲਾ ਬਜਾਰੀ ਕਰਨ ਵਾਲਿਆ ਖਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਵਾਸੀਆ ਲਈ ਜ਼ਰੂਰੀ ਚੀਜਾਂ ਦੀ ਸਪਲਾਈ ਨੂੰ ਨਿਰਵਿਘਨ ਜਾਰੀ ਰੱਖਣ ਲਈ ਵਚਨਬੱਧ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਸੁਚੱਜੇ ਢੰਗ ਨਾਲ ਆਪਣੇ ਐਲ.ਪੀ.ਜੀ. ਸਿਲੰਡਰ ਦੀ ਬੁਕਿੰਗ ਕਰਵਾਉਣ ਅਤੇ ਕਿਸੇ ਨੂੰ ਬੁਕਿੰਗ ਤੋਂ ਬਿਨਾਂ ਸਿਲੰਡਰ ਨਹੀਂ ਦਿੱਤਾ ਜਾਵੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਬਕਾਇਆ ਈ-ਕੇ.ਵਾਈ.ਸੀ ਨੂੰ ਏਜੰਸੀਆ ਪਾਸ ਜਾ ਕੇ ਯਕੀਨੀ ਬਣਾਉਣ ਤਾਂ ਜੋ ਐਲ.ਪੀ.ਜੀ ਦੀ ਨਿਰਵਿਘਨ ਸਪਲਾਈ ਕੀਤੀ ਜਾ ਰਹੇ ਅਤੇ ਡਲਿਵਰੀ ਕਰਨ ਵਾਲੇ ਵਿਅਕਤੀ ਪਾਸ ਓ.ਟੀ.ਪੀ.ਸਾਂਝਾ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਗ੍ਰਾਹਕਾਂ ਨੂੰ ਸਲਾਹ ਦਿੱਤੀ ਕਿ ਗੈਸ ਏਜੰਸੀਆਂ ਪਾਸ ਜਾ ਕੇ ਭੀੜ ਨਾ ਕਰਨ ਕਿਉਂਕਿ ਉਹ ਆਪਣਾ ਸਿਲੰਡਰ ਇਕ ਮਿਸਡ ਕਾਲ ਰਾਹੀਂ ਅਸਾਨੀ ਨਾਲ ਬੁੱਕ ਕਰ ਸਕਦੇ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ