
ਤਹਿਰਾਨ, 28 ਮਾਰਚ (ਹਿੰ.ਸ.)। ਈਰਾਨ ਦੀਆਂ ਹਥਿਆਰਬੰਦ ਫੌਜਾਂ ਨੇ ਛੇ ਅਮਰੀਕੀ ਰਣਨੀਤਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਹੈ। ਦਾਅਵਾ ਕੀਤਾ ਗਿਆ ਹੈ ਕਿ ਇਸ ਹਮਲੇ ਵਿੱਚ ਵੱਡੀ ਗਿਣਤੀ ਵਿੱਚ ਅਮਰੀਕੀ ਸੈਨਿਕ ਮਾਰੇ ਗਏ ਹਨ। ਈਰਾਨ ਨੇ ਇਸ ਹਮਲੇ ਵਿੱਚ ਬੈਲਿਸਟਿਕ ਮਿਜ਼ਾਈਲਾਂ ਅਤੇ ਕਦਰ 380 ਕਰੂਜ਼ ਮਿਜ਼ਾਈਲਾਂ ਦੀ ਵਰਤੋਂ ਕੀਤੀ। ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰ (ਆਈਆਰਜੀਸੀ) ਦੇ ਜਨ ਸੰਪਰਕ ਦਫ਼ਤਰ ਨੇ ਸ਼ੁੱਕਰਵਾਰ ਦੇਰ ਰਾਤ ਜਾਰੀ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ।
ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨਾਲ ਜੁੜੀ ਅਰਧ-ਸਰਕਾਰੀ ਤਸਨੀਮ ਨਿਊਜ਼ ਏਜੰਸੀ ਦੇ ਅਨੁਸਾਰ, ਇਹ ਆਪ੍ਰੇਸ਼ਨ ਟਰੂ ਪ੍ਰੋਮਿਸ 4 ਦੇ ਤਹਿਤ ਈਰਾਨੀ ਫੌਜਾਂ ਵੱਲੋਂ ਕੀਤਾ ਗਿਆ 84ਵਾਂ ਹਮਲਾ ਹੈ। ਆਈਆਰਜੀਸੀ ਨੇਵੀ ਨੇ ਅਲ-ਸ਼ੁਵੈਖ ਬੰਦਰਗਾਹ ਅਤੇ ਦੁਬਈ ਦੇ ਸਮੁੰਦਰ ਤੱਟਾਂ ਅਤੇ ਬੰਦਰਗਾਹ 'ਤੇ ਅਮਰੀਕੀ-ਇਜ਼ਰਾਈਲੀ ਫੌਜਾਂ ਵਿਰੁੱਧ ਸਟੀਕ ਹਮਲੇ ਕੀਤੇ। ਹਮਲੇ ਵਿੱਚ ਅਮਰੀਕੀ ਸੈਨਿਕ ਮਾਰੇ ਗਏ ਅਤੇ ਉਨ੍ਹਾਂ ਦੇ ਰਣਨੀਤਕ ਉਪਕਰਣ ਤਬਾਹ ਹੋ ਗਏ।
ਆਈਆਰਜੀਸੀ ਦੇ ਬਿਆਨ ਦੇ ਅਨੁਸਾਰ, ਹਮਲਾ ਬੈਲਿਸਟਿਕ ਮਿਜ਼ਾਈਲਾਂ ਅਤੇ ਕਦਰ 380 ਕਰੂਜ਼ ਮਿਜ਼ਾਈਲਾਂ ਦੀ ਵਰਤੋਂ ਕਰਕੇ ਕੀਤਾ ਗਿਆ। ਅਲ-ਸ਼ੁਵੈਖ ਬੰਦਰਗਾਹ 'ਤੇ ਛੇ ਅਮਰੀਕੀ ਲੈਂਡਿੰਗ ਕਰਾਫਟ ਯੂਟਿਲਿਟੀ (ਐਲਸੀਯੂ) ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ। ਹਮਲੇ ਤੋਂ ਬਾਅਦ ਇਨ੍ਹਾਂ ਵਿੱਚੋਂ ਤਿੰਨ ਜਹਾਜ਼ ਡੁੱਬ ਗਏ, ਅਤੇ ਬਾਕੀ ਸੜ ਰਹੇ ਹਨ। ਇਸ ਤੋਂ ਇਲਾਵਾ, ਸਮੁੰਦਰੀ ਤੱਟ ਅਤੇ ਦੁਬਈ ਦੇ ਇੱਕ ਹੋਟਲ ’ਚ ਮੌਜੂਦ ਅਮਰੀਕੀ ਡਰੋਨ ਯੂਨਿਟ ਦੇ ਸੈਨਿਕਾਂ ਨੂੰ ਡਰੋਨਾਂ ਰਾਹੀਂ ਨਿਸ਼ਾਨਾ ਬਣਾਇਆ ਗਿਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ