
ਜਲੰਧਰ, 03 ਮਾਰਚ (ਹਿੰ.ਸ.)। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਬੀਤੇ ਦਿਨੀਂ ਜਲੰਧਰ ਦੇ ਮੁਹੱਲਾ ਸੰਤੋਖਪੁਰਾ ਵਿੱਚ ਇੱਕ ਸਰਕਾਰੀ ਵੈਟਰਨਰੀ ਡਾਕਟਰ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਸੀ.ਪੀ. (ਇਨਵੈਸਟੀਗੇਸ਼ਨ) ਮਨਪ੍ਰੀਤ ਸਿੰਘ ਢਿੱਲੋਂ, ਏ.ਡੀ.ਸੀ.ਪੀ. (ਇਨਵੈਸਟੀਗੇਸ਼ਨ) ਜੇਅੰਤ ਪੁਰੀ ਅਤੇ ਸੀਨੀਅਰ ਅਫ਼ਸਰਾਂ ਦੀ ਅਗਵਾਈ ਵਿੱਚ ਏ.ਸੀ.ਪੀ. (ਡੀ) ਅਮਰਬੀਰ ਸਿੰਘ, ਏ.ਸੀ.ਪੀ. (ਨਾਰਥ) ਅਸ਼ੋਕ ਮੀਨਾ ਅਤੇ ਇੰਸਪੈਕਟਰ ਸਾਹਿਲ ਚੌਧਰੀ ਮੁੱਖ ਅਫ਼ਸਰ ਥਾਣਾ ਡਵੀਜ਼ਨ ਨੰਬਰ 8 ਅਤੇ ਇੰਸਪੈਕਟਰ ਸੁਰਿੰਦਰ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ਼ ਅਤੇ ਐਸ.ਆਈ. ਮਨਜਿੰਦਰ ਸਿੰਘ ਇੰਚਾਰਜ ਸਪੈਸ਼ਲ ਸੈੱਲ ਦੀਆਂ ਟੀਮਾਂ ਦਾ ਗਠਨ ਕਰਕੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ।ਉਨ੍ਹਾਂ ਦੱਸਿਆ ਕਿ 28 ਫਰਵਰੀ 2026 ਨੂੰ ਮੁਹੱਲਾ ਸੰਤੋਖਪੁਰਾ ਵਿੱਚ ਇੱਕ ਸਰਕਾਰੀ ਵੈਟਰਨਰੀ ਡਾਕਟਰ ਯਸ਼ਪਾਲ ਦੇ ਘਰ ਦੇ ਬਾਹਰ ਖੜ੍ਹੀ ਕਾਰ ਅਤੇ ਗੇਟ ’ਤੇ ਨਾਮਲੂਮ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ’ਤੇ ਕਮਿਸ਼ਨਰੇਟ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਡਾਕਟਰ ਯਸ਼ਪਾਲ ਦੇ ਬਿਆਨ ’ਤੇ ਮੁਕੱਦਮਾ ਨੰਬਰ 55 ਮਿਤੀ 28.02.2026 ਅ/ਧ 125,109 ਬੀ.ਐਨ.ਐਸ. ਅਤੇ 25 ਆਰਮਜ਼ ਐਕਟ ਤਹਿਤ ਥਾਣਾ ਡਵੀਜ਼ਨ ਨੰਬਰ 8 ਕਮਿਸ਼ਨਰੇਟ ਜਲੰਧਰ ਵਿੱਚ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ। ਮੁਕੱਦਮੇ ਦੀ ਤਫਤੀਸ਼ ਕਰਦਿਆਂ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਜਗਜੀਤ ਸਿੰਘ ਵਾਸੀ ਪਿੰਡ ਬਡਾਲਾ ਜੌਹਲ ਥਾਣਾ ਜੰਡਿਆਲਾ ਗੁਰੂ ਅੰਮ੍ਰਿਤਸਰ ਅਤੇ ਲਵਪ੍ਰੀਤ ਸਿੰਘ ਵਾਸੀ ਪਿੰਡ ਬਡਾਲਾ ਜੌਹਲ ਥਾਣਾ ਜੰਡਿਆਲਾ ਗੁਰੂ ਅੰਮ੍ਰਿਤਸਰ ਨੂੰ ਜੰਡਿਆਲਾ ਗੁਰੂ (ਅੰਮ੍ਰਿਤਸਰ) ਤੋਂ ਕਾਬੂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 2 ਪਿਸਤੌਲ ਇੱਕ 30 ਅਤੇ ਇੱਕ 32 ਬੋਰ ਸਮੇਤ ਮੈਗਜ਼ੀਨ, 5 ਰੌਂਦ 32 ਬੋਰ, 1 ਰੌਂਦ 30 ਬੋਰ, 1 ਮੈਗਜ਼ੀਨ 30 ਬੋਰ ਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ (ਸਪਲੈਂਡਰ) ਅਤੇ ਵਾਰਦਾਤ ਦੌਰਾਨ ਪਹਿਨੇ ਹੋਏ ਕੱਪੜੇ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਨ੍ਹਾਂ ਵੱਲੋਂ ਹੋਰ ਵਾਰਦਾਤਾਂ ਅਤੇ ਬਰਾਮਦ ਹੋਏ ਹੱਥਿਆਰਾਂ ਬਾਰੇ ਪੁੱਛ-ਗਿੱਛ ਕੀਤੀ ਜਾਵੇਗੀ। ਮੁਲਜ਼ਮ ਜਗਜੀਤ ਸਿੰਘ ਖਿਲਾਫ਼ ਮੁਕੱਦਮਾ ਥਾਣਾ ਸਦਰ ਤਰਨ ਤਾਰਨ ਵਿਖੇ ਪਹਿਲਾਂ ਹੀ ਦਰਜ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ