
ਬਰਨਾਲਾ,04 ਮਾਰਚ (ਹਿੰ.ਸ.)। ਪੰਜਾਬ ਦੀਆਂ ਧੀਆਂ ਦੀ ਸਿਹਤਯਾਬੀ ਲਈ ਉਪਰਾਲੇ ਕਰਦੇ ਹੋਏ ਸਿਹਤ ਵਿਭਾਗ ਵਲੋਂ ਸਰਵੀਕਲ ਕੈਂਸਰ (ਬੱਚੇਦਾਨੀ ਦੇ ਮੂੰਹ ਦੇ ਕੈਂਸਰ) ਖ਼ਿਲਾਫ਼ ਐਚਪੀਵੀ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਸ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੀ ਮੀਟਿੰਗ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈ ਏ ਐੱਸ ਦੀ ਅਗਵਾਈ ਹੇਠ ਕੀਤੀ ਗਈ। ਡਿਪਟੀ ਕਮਿਸ਼ਨਰ ਬਰਨਾਲਾ ਨੇ ਦੱਸਿਆ ਕਿ ਟੀਕਾਕਰਨ ਮੁਹਿੰਮ ਤਹਿਤ ਸਿਹਤ ਵਿਭਾਗ ਵਲੋਂ ਸਿੱਖਿਆ ਵਿਭਾਗ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦਾ ਸਹਿਯੋਗ ਲਿਆ ਜਾਵੇਗਾ। ਉਹਨਾਂ ਸਬੰਧਤ ਵਿਭਾਗਾਂ ਨੂੰ ਇਸ ਭਲਾਈ ਕਾਰਜ ਵਿੱਚ ਪੂਰਾ ਸਹਿਯੋਗ ਦੇਣ ਦਾ ਸੱਦਾ ਦਿੱਤਾ।
ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਵੈਕਸੀਨ ਉਨ੍ਹਾਂ 14 ਸਾਲ ਦੀਆਂ ਬੱਚੀਆਂ ਨੂੰ ਮੁਫ਼ਤ ਲਗਾਈ ਜਾਵੇਗੀ ਜਿਨ੍ਹਾਂ ਦਾ 14ਵਾਂ ਜਨਮ ਦਿਨ ਲੰਘ ਚੁੱਕਾ ਹੈ ਅਤੇ 15ਵਾਂ ਜਨਮ ਦਿਨ ਆਉਣਾ ਹੈ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹਰਜੀਤ ਸਿੰਘ ਨੇ ਦੱਸਿਆ ਕਿ ਔਰਤਾਂ ਵਿੱਚ ਬੱਚੇਦਾਨੀ ਦੇ ਮੂੰਹ ਦੇ ਗੰਭੀਰ ਕੈਂਸਰ ਦਾ ਮੁੱਖ ਕਾਰਨ ਐਚ ਪੀ ਵੀ (ਹਿਊਮਨ ਪੈਪੀਲੋਮਾ ਵਾਇਰਸ) ਹੁੰਦਾ ਹੈ।ਇਸ ਬਿਮਾਰੀ ਤੋਂ ਬਚਾਅ ਲਈ ਸਮੇਂ ਸਿਰ ਐਚ ਪੀ ਵੀ ਟੀਕਾਕਰਨ ਬਹੁਤ ਜ਼ਰੂਰੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਸਿਹਤ ਕੇਂਦਰਾਂ ਵਿੱਚ ਟੀਕਾਕਰਨ ਸਬੰਧੀ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ