
ਚੰਡੀਗੜ੍ਹ, 04 ਮਾਰਚ (ਹਿੰ.ਸ.)। ਦੇਸ਼ ਅਤੇ ਦੁਨੀਆ ’ਚ ਅੱਜ ਰੰਗਾਂ ਦਾ ਤਿਉਹਾਰ ਹੋਲੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਹੋਲੀ ਦਾ ਤਿਉਹਾਰ ਭਾਈਚਾਰੇ ਅਤੇ ਖੁਸ਼ੀ ਦਾ ਪ੍ਰਤੀਕ ਹੈ, ਪਰ ਮੋਹਾਲੀ ਦੇ ਪਿੰਡ ਸੋਹਾਣਾ ਦੀ ਹੋਲੀ ਬਿਲਕੁਲ ਵੱਖਰੀ ਹੈ। ਸੋਹਾਣਾ ਪਿੰਡ ਹੁਣ ਨਗਰ ਨਿਗਮ ਦੇ ਅਧੀਨ ਹੈ, ਜਿੱਥੇ ਲਗਭਗ 200 ਸਾਲਾਂ ਤੋਂ ਸ਼ਮਸ਼ਾਨ ਦੀ ਰਾਖ ਅਤੇ ਜਾਨਵਰਾਂ ਦੀਆਂ ਹੱਡੀਆਂ ਨਾਲ ਹੋਲੀ ਮਨਾਉਣ ਦੀ ਪਰੰਪਰਾ ਅੱਜ ਵੀ ਕਾਇਮ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਵਿਲੱਖਣ ਹੋਲੀ ਦਾ ਕੋਈ ਲਿਖਤੀ ਇਤਿਹਾਸ ਨਹੀਂ ਹੈ। ਹਾਲਾਂਕਿ, ਲੋਕ ਪੁਰਾਣੇ ਵਿਸ਼ਵਾਸਾਂ ਨੂੰ ਅੱਗੇ ਵਧਾਉਂਦੇ ਆ ਰਹੇ ਹਨ। ਲੋਕ ਸ਼ਮਸ਼ਾਨਘਾਟ ਵਿਚ ਪਈ ਮ੍ਰਿਤਕ ਲੋਕਾਂ ਦੀ ਰਾਖ ਪਹਿਲਾਂ ਹੀ ਇਕੱਠੀ ਕਰਕੇ ਰੱਖਦੇ ਹਨ, ਜਿਸ ਨੂੰ ਪਾਣੀ ਵਿਚ ਘੋਲ ਕੇ ਇਕ-ਦੂਜੇ 'ਤੇ ਸੁੱਟਿਆ ਜਾਂਦਾ ਹੈ। ਲੋਕ ਹੱਡਾ ਰੋੜੀ ਵਿਚੋਂ ਮ੍ਰਿਤਕ ਪਸ਼ੂਆਂ ਦੀਆਂ ਹੱਡੀਆਂ ਲਿਆ ਕੇ ਦੁਕਾਨਾਂ ਤੇ ਘਰਾਂ ਅੱਗੇ ਟੰਗ ਦਿੰਦੇ ਹਨ। ਇਸ ਪਿੰਡ ਵਿਚੋਂ ਲੰਘਣ ਵਾਲੇ ਬਾਹਰ ਦੇ ਲੋਕਾਂ ਵਿਚ ਤਾਂ ਹੱਡੀਆਂ ਨੂੰ ਦੇਖ ਕੇ ਦਹਿਸ਼ਤ ਫੈਲ ਜਾਂਦੀ ਹੈ, ਪਰ ਇਸ ਇਲਾਕੇ ਦੇ ਲੋਕਾਂ ਨੂੰ ਪਤਾ ਹੈ ਕਿ ਇਸ ਪਿੰਡ ਵਿਚ ਹੋਲੀ ਇਸੇ ਤਰੀਕੇ ਨਾਲ ਮਨਾਈ ਜਾਂਦੀ ਹੈ। ਹੋਰ ਤਾਂ ਹੋਰ ਨਾਲੀਆਂ ਦਾ ਗੰਦਾ ਪਾਣੀ ਵੀ ਇਕ-ਦੂਜੇ 'ਤੇ ਸੁੱਟਿਆ ਜਾਂਦਾ। ਇਹ ਪ੍ਰੰਪਰਾ ਸਾਲਾਂ ਤੋਂ ਚੱਲਦੀ ਆ ਰਹੀ ਹੈ। ਪਿੰਡ ਵਾਸੀਆਂ ਦੇ ਅਨੁਸਾਰ, ਹੋਲੀ ਤੋਂ ਇੱਕ ਰਾਤ ਪਹਿਲਾਂ, ਕੁਝ ਲੋਕ ਆਪਣੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਹੱਡੀਆਂ ਲਟਕਾਉਂਦੇ ਹਨ। ਜਾਨਵਰਾਂ ਦੀਆਂ ਹੱਡੀਆਂ ਸੜਕਾਂ ‘ਤੇ ਖਿੰਡੀਆਂ ਹੋਈਆਂ ਪਾਈਆਂ ਜਾਂਦੀਆਂ ਹਨ। ਇਸ ਪਿੰਡ ਵਿੱਚ ਆਧੁਨਿਕ ਕੋਠੀਆਂ, ਵਿਦਿਅਕ ਸੰਸਥਾਵਾਂ ਅਤੇ ਇੱਕ ਵਿਕਸਤ ਬਾਜ਼ਾਰ ਹੈ, ਫਿਰ ਵੀ ਇਹ ਪਰੰਪਰਾ ਪੂਰੀ ਤਰ੍ਹਾਂ ਅਲੋਪ ਨਹੀਂ ਹੋਈ ਹੈ। ਹਾਲਾਂਕਿ, ਇਸਦਾ ਦਾਇਰਾ ਪਹਿਲਾਂ ਦੇ ਮੁਕਾਬਲੇ ਕਾਫ਼ੀ ਸੁੰਗੜ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਕ ਲੋਕ ਕਥਾ ਹੈ ਕਿ ਹੋਲੀ ਵਾਲੇ ਦਿਨ ਪਿੰਡ ਵਿੱਚ ਇੱਕ ਮਹਾਂਮਾਰੀ ਫੈਲ ਗਈ ਸੀ, ਇਸ ਲਈ ਪਿੰਡ ਵਾਸੀਆਂ ਨੇ ਹੋਲੀ ਨਾ ਮਨਾਉਣ ਦਾ ਫੈਸਲਾ ਕੀਤਾ। ਉਦੋਂ ਤੋਂ ਪਿੰਡ ਵਾਸੀ ਮਾੜੇ ਸ਼ਗਨਾਂ ਤੋਂ ਬਚਣ ਲਈ ਆਪਣੇ ਘਰਾਂ ਦੇ ਬਾਹਰ ਹੱਡੀਆਂ ਲਟਕਾਉਂਦੇ ਹਨ। ਇੱਕ ਹੋਰ ਕਹਾਣੀ ਇਹ ਹੈ ਕਿ ਪਿੰਡ ਨੂੰ ਗਰੀਬੀ ਦਾ ਸਰਾਪ ਮਿਲਿਆ ਸੀ। ਉਸ ਸਰਾਪ ਤੋਂ ਬਚਣ ਲਈ, ਪਿੰਡ ਵਾਸੀਆਂ ਨੇ ਆਪਣੇ ਘਰਾਂ ਦੇ ਬਾਹਰ ਖੋਪੜੀਆਂ ਲਟਕਾਉਣੀਆਂ ਸ਼ੁਰੂ ਕਰ ਦਿੱਤੀਆਂ। ਭਾਵੇਂ ਹੁਣ ਸਮਾਂ ਕਾਫ਼ੀ ਆਧੁਨਿਕ ਹੈ, ਪਰ ਪਿੰਡ ’ਚ ਇਹ ਪਰੰਪਰਾ ਹਾਲੇ ਵੀ ਜ਼ਿੰਦਾ ਹੈ।ਸ਼ਮਸ਼ਾਨਘਾਟ ਦੀ ਰਾਖ ਤੇ ਹੱਡੀਆਂ ਨਾਲ ਹੋਲੀ ਖੇਡਣ ਬਾਰੇ ਪੁੱਛੇ ਜਾਣ 'ਤੇ ਪਿੰਡ ਦੇ ਬਜ਼ੁਰਗਾਂ ਨੇ ਦੱਸਿਆ ਕਿ ਪੁਰਾਣੀ ਮਾਨਤਾ ਚੱਲਦੀ ਆ ਰਹੀ ਹੈ ਕਿ ਹੋਲੀ ਇਸ ਤਰੀਕੇ ਨਾਲ ਮਨਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਇਹ ਵਿਸ਼ਵਾਸ ਘਰ ਕਰ ਗਿਆ ਹੈ ਕਿ ਜੇਕਰ ਸ਼ਮਸ਼ਾਨਘਾਟ ਦੀ ਰਾਖ ਨਾ ਪਾਈ ਗਈ ਤਾਂ ਪਿੰਡ ਵਿਚ ਮੌਤਾਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਦੁਕਾਨਾਂ ਦੇ ਅੱਗੇ ਪਸ਼ੂਆਂ ਦੀਆਂ ਹੱਡੀਆਂ ਟੰਗੇ ਜਾਣ ਬਾਰੇ ਲੋਕਾਂ ਦਾ ਵਿਸ਼ਵਾਸ ਹੈ ਕਿ ਇਸ ਨਾਲ ਵਪਾਰ ਵਿਚ ਵਾਧਾ ਹੁੰਦਾ ਹੈ ਤੇ ਜੇਕਰ ਇਹ ਹੱਡੀਆਂ ਦੁਕਾਨਾਂ ਦੇ ਅੱਗੇ ਨਾ ਰੱਖੀਆਂ ਜਾਣ ਤਾਂ ਵਪਾਰ ਵਿਚ ਘਾਟਾ ਪਵੇਗਾ। ਕੁਝ ਲੋਕ ਇਸ ਆਧੁਨਿਕ ਸਮੇਂ ਦੇ ਅਨੁਸਾਰ ਹੀ ਗੁਲਾਲ ਨਾਲ ਹੋਲੀ ਖੇਡਣ 'ਤੇ ਜ਼ੋਰ ਦਿੰਦੇ ਹਨ ਪਰ ਸਦੀਆਂ ਤੋਂ ਚੱਲਦੀ ਆ ਰਹੀ ਪ੍ਰੰਪਰਾ ਨੂੰ ਪਿੰਡ ਦੇ ਲੋਕ ਛੱਡਣ ਨੂੰ ਤਿਆਰ ਨਹੀਂ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ