
ਪਠਾਨਕੋਟ, 04 ਮਾਰਚ (ਹਿੰ.ਸ.)। ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਜ਼ਿਲਾ ਪਠਾਨਕੋਟ ਅੰਦਰ ਵੱਖ-ਵੱਖ ਸਥਾਨਾਂ ਤੇ ਕੈਂਪ ਲਗਾ ਕੇ ਵੱਧ ਤੋਂ ਵੱਧ ਲੋਕਾਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ ਲੋਕਾਂ ਨੂੰ ਅਪੀਲ ਹੈ ਕਿ ਉਹ ਨਿਰਧਾਰਿਤ ਕੀਤੇ ਕੈਂਪਾਂ ਦੇ ਵਿੱਚ ਪਹੁੰਚ ਕੇ ਸਿਹਤ ਬੀਮਾ ਯੋਜਨਾ ਦਾ ਲਾਭ ਲੈਣ ਲਈ ਆਪਣੀ ਰਜਿਸਟਰੇਸ਼ਨ ਕਰਵਾਉਣ। ਇਹ ਪ੍ਰਗਟਾਵਾ ਸੰਜੀਵ ਕੁਮਾਰ ਵਧੀਕ ਡਿਪਟੀ ਕਮਿਸਨਰ (ਜ) ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਨ ਦੌਰਾਨ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਡਾ. ਜਸਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਅਰਸ਼ਦੀਪ ਸਿੰਘ ਲੁਬਾਣਾ ਐਸਡੀਐਮ ਪਠਾਨਕੋਟ, ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਸੰਜੀਵ ਸ਼ਰਮਾ ਵਧੀਕ ਡਿਪਟੀ ਕਮਿਸਨਰ (ਜ) ਪਠਾਨਕੋਟ ਨੇ ਕਿਹਾ ਕਿ ਜਿਵੇਂ ਕਿ ਪੂਰੇ ਪੰਜਾਬ ਅੰਦਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜੋ ਲਾਗੂ ਹੋ ਚੁੱਕੀ ਹੈ ਅਤੇ ਇਸ ਅਧੀਨ ਜ਼ਿਲ੍ਹਾ ਪਠਾਨਕੋਟ ਅੰਦਰ ਵੀ ਸਿਹਤ ਬੀਮਾ ਕਾਰਡ ਬਣਾਏ ਜਾਣ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਾਰਡ ਬਣਾਏ ਜਾਨ ਵਿੱਚ ਆਪਣਾ ਸਹਿਯੋਗ ਦੇਣ ਅਤੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਾਰਡ ਬਣਾਉਣ ਲਈ ਜਾਗਰੂਕ ਕਰਨ।
ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਲੋਕ ਇਨ੍ਹਾਂ ਨਿਰਧਾਰਤ ਸਥਾਨਾਂ ਤੇ ਪਹੁੰਚ ਕਰਕੇ ਅਪਣਾ ਸਿਹਤ ਬੀਮਾ ਕਾਰਡ ਬਣਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲਾਭਪਾਤਰੀਆਂ ਦੇ ਪਹਿਲਾਂ ਤੋਂ ਹੀ ਆਯੂਸਮਾਨ ਕਾਰਡ ਬਣੇ ਹੋਏ ਹਨ ਉਨ੍ਹਾਂ ਕਾਰਡ ਧਾਰਕਾਂ ਦੀ ਵੀ ਕੇ.ਵਾਈ.ਸੀ. ਹੋਣਾ ਲਾਜ਼ਮੀ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ