
ਜਲੰਧਰ, 04 ਮਾਰਚ (ਹਿੰ.ਸ.)। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਥਾਨਕ ਰੈੱਡ ਕਰਾਸ ਦਿਵਿਆਂਗ ਸਕੂਲ ਅਤੇ ਪ੍ਰਯਾਸ ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਹੋਲੀ ਦਾ ਤਿਉਹਾਰ ਮਨਾਇਆ। ਉਨ੍ਹਾਂ ਇਸ ਮੌਕੇ ਬੱਚਿਆਂ ਨੂੰ ਫਲ ਤੇ ਪਿਚਕਾਰੀਆਂ ਆਦਿ ਵੰਡ ਕੇ ਉਨ੍ਹਾਂ ਨਾਲ ਹੋਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਡਾ. ਅਗਰਵਾਲ ਨੇ ਕਿਹਾ ਕਿ ਹੋਲੀ ਸਿਰਫ਼ ਰੰਗਾਂ ਦਾ ਨਹੀਂ, ਸਗੋਂ ਆਪਸੀ ਪ੍ਰੇਮ, ਏਕਤਾ ਅਤੇ ਸਦਭਾਵਨਾ ਦਾ ਤਿਉਹਾਰ ਹੈ। ਉਨ੍ਹਾਂ ਇਸ ਮੌਕੇ ਸਭ ਨੂੰ ਮਿਲ ਕੇ ਹੋਲੀ ਮਨਾਉਣ ਅਤੇ ਆਪਸੀ ਭਾਈਚਾਰੇ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਰਗਰਮ ਯਤਨ ਕਰਨ ਦਾ ਸੱਦਾ ਦਿੱਤਾ।
ਡਾ. ਅਗਰਵਾਲ ਨੇ ਇਸ ਮੌਕੇ ਰੈੱਡ ਕਰਾਸ ਓਲਡ ਏਜ ਹੋਮ ਦੇ ਬਜ਼ੁਰਗਾਂ ਨੂੰ ਵੀ ਫਲ ਆਦਿ ਵੰਡੇ ਅਤੇ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਇਸ ਪਵਿੱਤਰ ਤਿਉਹਾਰ ਦੇ ਮੌਕੇ ’ਤੇ ਜ਼ਿਲ੍ਹਾ ਵਾਸੀਆਂ ਦੀ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਲਈ ਕਾਮਨਾ ਵੀ ਕੀਤੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ