
ਹੁਸ਼ਿਆਰਪੁਰ, 06 ਮਾਰਚ (ਹਿੰ.ਸ.)। ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ), ਨਵੀਂ ਦਿੱਲੀ ਵੱਲੋਂ ਆਯੋਜਿਤ ਕਲਾਸ 10ਵੀਂ ਅਤੇ 12ਵੀਂ ਦੀਆਂ ਅਨੁਪੂਰਕ ਪ੍ਰੀਖਿਆਵਾਂ 17 ਫਰਵਰੀ 2026 ਤੋਂ 11 ਅਪ੍ਰੈਲ 2026 ਤੱਕ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਚ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਹ ਪ੍ਰੀਖਿਆਵਾਂ ਰੋਜ਼ਾਨਾ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 1:30 ਵਜੇ ਤੱਕ ਹੋਣਗੀਆਂ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਨ੍ਹਾਂ ਪ੍ਰੀਖਿਆਵਾਂ ਲਈ ਆਰਮੀ ਪਬਲਿਕ ਸਕੂਲ ਊਚੀ ਬੱਸੀ (ਦਸੂਹਾ), ਦਸਮੇਸ਼ ਪਬਲਿਕ ਸਕੂਲ ਚੱਕ ਅੱਲਾ ਬਖ਼ਸ਼ (ਮੁਕੇਰੀਆਂ), ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪੰਡੋਰੀ ਖਜੂਰ (ਹੁਸ਼ਿਆਰਪੁਰ), ਦੋਆਬਾ ਪਬਲਿਕ ਸਕੂਲ ਪਿੰਡ ਦੋਹਲਰੋਂ (ਮਾਹਿਲਪੁਰ), ਸਿਲਵਰ ਓਕ ਇੰਟਰਨੈਸ਼ਨਲ ਸਕੂਲ ਸ਼ਾਹਿਬਾਜ਼ਪੁਰ (ਟਾਂਡਾ ਮਿਆਂਣੀ ਰੋਡ), ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਹਾਜੀਪੁਰ ਰੋਡ (ਦਸੂਹਾ), ਵਸਿਸ਼ਠ ਭਾਰਤੀ ਇੰਟਰਨੈਸ਼ਨਲ ਸਕੂਲ ਦਾਤਾਰਪੁਰ (ਮੁਕੇਰੀਆਂ), ਗਲੋਬਲ ਪਬਲਿਕ ਸਕੂਲ ਰੰਗਾ (ਮੁਕੇਰੀਆਂ), ਜੇਮਜ਼ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਪੁਰਹੀਰਾਂ (ਹੁਸ਼ਿਆਰਪੁਰ), ਐੱਸ.ਬੀ.ਐੱਸ ਮਾਡਲ ਹਾਈ ਸਕੂਲ ਸਦਰਪੁਰ (ਗੜ੍ਹਸ਼ੰਕਰ), ਪਰਲਸ ਇੰਟਰਨੈਸ਼ਨਲ ਸਕੂਲ ਬੱਲੋਵਾਲ (ਹਾਜੀਪੁਰ-ਮੁਕੇਰੀਆਂ), ਦਿੱਲੀ ਇੰਟਰਨੈਸ਼ਨਲ ਸਕੂਲ ਚੰਡੀਗੜ੍ਹ ਰੋਡ (ਚੱਬੇਵਾਲ), ਐੱਸ.ਡੀ. ਸਿਟੀ ਪਬਲਿਕ ਸਕੂਲ ਆਦਮਵਾਲ ਅਤੇ ਪੀਐੱਮ ਸ੍ਰੀ ਕੇਂਦਰੀ ਵਿਦਿਆਲਿਆ ਗੱਜ ਬਲਾਕ ਭੁੰਗਾ ਨੂੰ ਪ੍ਰੀਖਿਆ ਕੇਂਦਰ ਬਣਾਇਆ ਗਿਆ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਆਮ ਤੌਰ 'ਤੇ ਪ੍ਰੀਖਿਆ ਦੌਰਾਨ ਪ੍ਰੀਖਿਆਰਥੀਆਂ ਦੇ ਪਰਿਵਾਰਕ ਮੈਂਬਰ ਅਤੇ ਹੋਰ ਲੋਕ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਇਕੱਠੇ ਹੋ ਜਾਂਦੇ ਹਨ, ਜਿਸ ਨਾਲ ਪ੍ਰੀਖਿਆ ਦੇ ਸੁਚਾਰੂ ਸੰਚਾਲਨ ਵਿੱਚ ਰੁਕਾਵਟ ਪੈਂਦੀ ਹੈ ਅਤੇ ਟ੍ਰੈਫਿਕ ਨਾਲ ਜੁੜੀਆਂ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੇ ਸਾਰੇ ਉਕਤ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਦੇ ਦਾਇਰੇ ਵਿੱਚ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਹੁਕਮ 5 ਮਾਰਚ 2026 ਤੋਂ 4 ਮਈ 2026 ਤੱਕ ਲਾਗੂ ਰਹਿਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਐੱਸਐੱਸਪੀ ਹੁਸ਼ਿਆਰਪੁਰ ਨੂੰ ਨਿਰਦੇਸ਼ ਦਿੱਤੇ ਹਨ ਕਿ ਸਾਰੇ ਪ੍ਰੀਖਿਆ ਕੇਂਦਰਾਂ 'ਤੇ ਲੋੜੀਂਦੀ ਪੁਲਿਸ ਸੁਰੱਖਿਆ ਵਿਵਸਥਾ ਯਕੀਨੀ ਬਣਾਈ ਜਾਵੇ, ਤਾਂ ਜੋ ਪ੍ਰੀਖਿਆਵਾਂ ਸ਼ਾਂਤੀਪੂਰਨ ਅਤੇ ਸੁਚੱਜੇ ਢੰਗ ਨਾਲ ਮੁਕੰਮਲ ਕਰਵਾਈ ਜਾ ਸਕੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ