
ਫਾਜ਼ਿਲਕਾ, 06 ਮਾਰਚ (ਹਿੰ.ਸ.)। ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਬਲਾਕ ਸੰਮਤੀ ਫਾਜ਼ਿਲਕਾ ਦੇ ਬਣੇ ਚੇਅਰਪਰਸਨ ਸੁਰਿੰਦਰ ਕੌਰ ਧਰਮਪਤਨੀ ਡਾ. ਓਮ ਪ੍ਰਕਾਸ਼ ਅਤੇ ਵਾਈਸ ਚੇਅਰਪਰਸਨ ਆਸ਼ਾ ਰਾਣੀ ਧਰਮਪਤਨੀ ਸੁਰਿੰਦਰ ਕੰਬੋਜ ਨੂੰ ਬਣਨ ਦੀ ਵਧਾਈ ਦਿੰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਜੋ ਭਰੋਸਾ ਕਰਕੇ ਉਨ੍ਹਾਂ ਨੂੰ ਪੰਚਾਇਤ ਸੰਮਤੀ ਚੋਣਾਂ ਵਿੱਚ ਜਤਾਇਆ ਗਿਆ ਹੈ ਉਹ ਉਨ੍ਹਾਂ ਦੇ ਭਰੋਸੇ ਤੇ ਖਰ੍ਹੇ ਉਤਰਨ ਤੇ ਹਰ ਲੋਕ ਭਲਾਈ ਅਤੇ ਵਿਕਾਸ ਦੇ ਕਾਰਜ ਬਿਨਾਂ ਪੱਖਪਾਤ ਅਤੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕਰਨ।
ਵਿਧਾਇਕ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਤੇ ਭਲਾਈ ਲਈ ਜੋ ਵੀ ਸਕੀਮਾਂ ਤੇ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਉਨ੍ਹਾਂ ਦੀ ਪੂਰਤੀ ਲਈ ਪੰਜਾਬ ਸਰਕਾਰ ਦਾ ਇੱਕ-ਇੱਕ ਵਰਕਰ ਤੇ ਅਹੁਦੇਦਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਹਰ ਪਿੰਡ ਨੂੰ ਵਿਕਾਸ ਪੱਖੋਂ ਸ਼ਹਿਰੀ ਦਿੱਖ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਅਨੇਕਾਂ ਉਪਰਾਲੇ ਤੇ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਭਲਾਈ ਸਕੀਮਾਂ ਤੇ ਯੋਜਨਾਵਾਂ ਨੂੰ ਜਮੀਨੀ ਪੱਧਰ ’ਤੇ ਸੁਖਾਵੇ ਢੰਗ ਨਾਲ ਲਾਗੂ ਕਰਨ ਵਿਚ ਅਹੁਦੇਦਾਰ ਅਹਿਮ ਭੂਮਿਕਾ ਨਿਭਾਉਣਗੇ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਪੰਚਾਇਤੀ ਸਮਿਤੀ ਦੀਆਂ ਚੋਣਾਂ ਹੋਈਆਂ ਸਨ ਤੇ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜ਼ਿਲ੍ਹਾ ਪੱਧਰੀ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ ਸੀ ਤੇ ਹੁਣ ਚੇਅਰਪਰਸਨ ਤੇ ਵਾਇਸ ਚੇਅਰਪਰਸਨ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡੇ ਇਹ ਨਵੇਂ ਚੁਣੇ ਚੇਅਰਪਰਸਨ/ਅਹੁਦੇਦਾਰਾਂ ਨੂੰ ਮਿਲੀਆਂ ਜ਼ਿੰਮੇਵਾਰੀਆਂ ਨਾਲ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਇਕ ਨਵੀਂ ਦਿਸ਼ਾ ਮਿਲੇਗੀ ਤੇ ਹੋਰ ਬਿਹਤਰ ਤਰੀਕੇ ਨਾਲ ਵਿਕਾਸ ਪ੍ਰੋਜੈਕਟ ਉਲੀਕੇ ਜਾਣਗੇ। ਇਸ ਉਪਰੰਤ ਚੇਅਰਪਰਸਨ ਸੁਰਿੰਦਰ ਕੌਰ ਤੇ ਵਾਈਸ ਚੇਅਰਪਰਸਨ ਆਸ਼ਾ ਰਾਣੀ ਨੇ ਪੰਜਾਬ ਸਰਕਾਰ, ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਅਤੇ ਸਮੂਹ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸੌਂਪੀ ਜ਼ਿੰਮੇਵਾਰੀ ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ