
ਲੁਧਿਆਣਾ, 06 ਮਾਰਚ (ਹਿੰ.ਸ.)। ਬਲਾਕ ਸੰਮਤੀ ਲੁਧਿਆਣਾ-2 ਲਈ ਸਰਬਸੰਮਤੀ ਨਾਲ ਦਰਸ਼ਨ ਸਿੰਘ ਮਾਹਲਾ ਨੂੰ ਚੇਅਰਮੈਨ ਅਤੇ ਰਣਜੀਤ ਕੌਰ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਦੋਵੇਂ ਅਹੁਦੇਦਾਰਾਂ ਨੂੰ ਆਪਣੀ ਨਵੀਂ ਜਿੰਮੇਵਾਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕਰਦਿਆਂ ਮੁਬਾਰਕਬਾਦ ਦਿੱਤੀ।
ਜ਼ਿਕਰਯੋਗ ਹੈ ਕਿ ਦਸੰਬਰ ਮਹੀਨੇ ਵਿੱਚ ਹੋਈਆਂ ਬਲਾਕ ਸੰਮਤੀ ਚੋਣਾਂ ਲਈ ਪੰਜਾਬ ਸਰਕਾਰ ਵੱਲੋਂ 5 ਮਾਰਚ ਤੱਕ ਹਲਕਾ ਸਾਹਨੇਵਾਲ ਅਧੀਨ ਲੁਧਿਆਣਾ ਬਲਾਕ-2 ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਬਣਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਨੋਟੀਫਿਕੇਸ਼ਨ ਤਹਿਤ ਅੱਜ ਲੁਧਿਆਣਾ ਬਲਾਕ-2 ਦੇ ਬੀ ਡੀ ਪੀ ਓ ਦਫਤਰ ਵਿਖੇ ਬਲਾਕ ਸੰਮਤੀ-2 ਦੇ ਚੇਅਰਮੈਨ ਤੇ ਉਪ-ਚੇਅਰਮੈਨ ਦੀ ਚੋਣ ਲਈ ਕਰਵਾਈ ਆਰੰਭੀ ਗਈ ਸੀ। ਇਹ ਚੋਣ ਐਸ.ਡੀ.ਐਮ. ਪੂਰਬੀ ਜਸਲੀਨ ਕੌਰ ਭੁੱਲਰ ਦੀ ਨਿਗਰਾਨੀ ਹੇਠ ਕਰਵਾਈ ਗਈ ਜਿਸ ਵਿੱਚ ਦਰਸ਼ਨ ਸਿੰਘ ਮਾਹਲਾ ਨੂੰ ਸਰਬਸੰਮਤੀ ਨਾਲ ਚੇਅਰਮੈਨ ਅਤੇ ਰਣਜੀਤ ਕੌਰ ਨੂੰ ਉਪ ਚੇਅਰਮੈਨ ਚੁਣਿਆ ਗਿਆ।
ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲਗਾਤਾਰ ਵਿਕਾਸ ਕਾਰਜਾਂ ਦੇ ਕੰਮ ਵੱਡੇ ਪੱਧਰ ’ਤੇ ਕੀਤੇ ਜਾ ਰਹੇ ਹਨ। ਸਿੱਟੇ ਵਜੋਂ ਬਲਾਕ ਸੰਮਤੀ ਚੋਣਾਂ ਮੌਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਡੀ ਲੀਡ ਦੇ ਨਾਲ ਜਿੱਤੇ ਸਨ ਅਤੇ ਅੱਜ ਬਲਾਕ ਸੰਮਤੀ ਚੇਅਰਮੈਨ ਦੀ ਚੋਣ ਮੌਕੇ ਦਰਸ਼ਨ ਸਿੰਘ ਮਾਹਲਾ ਨੂੰ ਚੇਅਰਮੈਨ ਅਤੇ ਰਣਜੀਤ ਕੌਰ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ।
ਨਵ-ਨਿਯੁਕਤ ਚੇਅਰਮੈਨ ਦਰਸ਼ਨ ਸਿੰਘ ਮਾਹਲਾ ਨੇ ਕਿਹਾ ਕਿ ਉਹ ਬਲਾਕ ਸੰਮਤੀ ਮੈਂਬਰਾਂ ਦੇ ਧੰਨਵਾਦੀ ਹਨ ਜਿਨ੍ਹਾਂ ਸਰਬਸੰਮਤੀ ਨਾਲ ਮੈਨੂੰ ਚੇਅਰਮੈਨ ਚੁਣਿਆ ਹੈ। ਉਨ੍ਹਾਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਸਮੇਤ ਪਾਰਟੀ ਹਾਈ ਕਮਾਂਡ ਅਤੇ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਵਾਲੀ ਸਮੁੱਚੀ ਟੀਮ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ