
ਬਠਿੰਡਾ, 07 ਮਾਰਚ (ਹਿੰ.ਸ.)। ਸੂਬਾ ਸਰਕਾਰ ਸੂਬੇ ਦੀਆਂ ਮਹਿਲਾਵਾਂ ਨੂੰ ਹਰ ਪੱਖੋਂ ਆਤਮ ਨਿਰਭਰ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਮੌੜ ਮੰਡੀ ਸੁਖਵੀਰ ਸਿੰਘ ਮਾਈਸਰਖਾਨਾ ਨੇ ਬਲਾਕ ਮੌੜ ਅਤੇ ਬਲਾਕ ਰਾਮਪੁਰਾ ਦੀਆਂ ਵੱਖ-ਵੱਖ ਖਿੱਤੇ ਨਾਲ ਜੁੜੀਆਂ ਕਰੀਬ 100 ਪ੍ਰਗਤੀਸ਼ੀਲ ਮਹਿਲਾਵਾਂ ਨੂੰ ਪਿੰਡ ਮਾਈਸਰਖਾਨਾ ਵਿਖੇ ਪ੍ਰੋਗਰਾਮ ਦੌਰਾਨ ਸਨਮਾਨ ਕਰਨ ਉਪਰੰਤ ਕੀਤਾ।ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਇਸ ਦੌਰਾਨ ਕਿਹਾ ਕਿ ਅੱਜ ਦੀ ਔਰਤ ਮਰਦਾਂ ਦੇ ਬਰਾਬਰ ਹੀ ਨਹੀਂ ਸਗੋਂ ਮਰਦਾਂ ਤੋਂ ਉੱਪਰ ਰਹਿ ਕੇ ਹਰ ਖਿੱਤੇ ਵਿੱਚ ਮੁਕਾਮ ਹਾਸਲ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਆਪਣੇ ਦੇਸ਼ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਆਪਣੀ ਪ੍ਰਤਿਭਾ ਕਾਰਨ ਬੁਲੰਦੀਆਂ ਛੋਹ ਰਹੀਆਂ ਹਨ।ਇਸ ਦੌਰਾਨ ਵਿਧਾਇਕ ਮਾਈਸਰਖਾਨਾ ਵੱਲੋਂ ਮਹਿਲਾ ਸ਼ਸ਼ਕਤੀਕਰਨ ਨੂੰ ਮੁੱਖ ਰੱਖਦੇ ਹੋਏ ਅਤੇ ਮਹਿਲਾਵਾਂ ਨੂੰ ਉਤਸ਼ਾਹਿਤ ਕਰਨ ਲਈ ਆਜੀਵਿਕਾ ਮਿਸ਼ਨ ਅਧੀਨ ਬਣੇ ਸਵੈ-ਸਹਾਇਤਾ ਸਮੂਹਾਂ ਦੀਆਂ ਔਰਤਾਂ ਸਨਮਾਨ ਕਰਨ ਦੌਰਾਨ ਕਿਹਾ ਕਿ ਉਹ ਅੱਗੇ ਤੋਂ ਹੋਰ ਵੀ ਜ਼ਿਆਦਾ ਮੇਹਨਤ ਕਰਕੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ। ਮਾਈਸਰਖਾਨਾ ਨੇ ਇਸ ਮੌਕੇ ਮਹਿਲਾਵਾਂ ਨੂੰ ਵਿਸ਼ਵਾਸ ਦਵਾਇਆ ਕਿ ਸੂਬਾ ਸਰਕਾਰ ਉਨ੍ਹਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ