
ਪਟਿਆਲਾ, 01 ਅਪ੍ਰੈਲ (ਹਿੰ.ਸ.)| ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਇੱਕ ਵਾਰ ਫਿਰ ਸਿੱਖ ਸਿਆਸਤ ਅਤੇ ਕਾਨੂੰਨੀ ਮੰਡਲਾਂ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਉਨ੍ਹਾਂ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ, ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਨ, ਨੂੰ ਇਕ ਸਖ਼ਤ ਲਹਿਜ਼ੇ ਵਾਲੀ ਚਿੱਠੀ ਲਿਖੀ ਹੈ। ਇਸ ਚਿੱਠੀ ਰਾਹੀਂ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਰਾਸ਼ਟਰਪਤੀ ਕੋਲ ਪਾਈ ਗਈ ਆਪਣੀ ਫਾਂਸੀ ਦੀ ਸਜ਼ਾ ਵਿਰੁੱਧ ਰਹਿਮ ਦੀ ਅਪੀਲ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।
ਚਿੱਠੀ ਵਿੱਚ ਰਾਜੋਆਣਾ ਨੇ ਆਪਣੀ ਲੰਬੀ ਉਡੀਕ ਅਤੇ ਮਾਨਸਿਕ ਪੀੜਾ ਦਾ ਜ਼ਿਕਰ ਕਰਦਿਆਂ ਲਿਖਿਆ ਕਿ ਉਹ ਪਿਛਲੇ ਕਰੀਬ 14 ਸਾਲਾਂ ਤੋਂ ਇਸ ਰਹਿਮ ਅਪੀਲ ‘ਤੇ ਫੈਸਲੇ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦੇ ਅਨੁਸਾਰ, ਇੰਨਾ ਲੰਬਾ ਸਮਾਂ ਕਿਸੇ ਕੈਦੀ ਨੂੰ ਅਣਿਸ਼ਚਿਤਤਾ ਵਿੱਚ ਰੱਖਣਾ ਉਸ ਲਈ ਗੰਭੀਰ ਮਾਨਸਿਕ ਤਸ਼ੱਦਦ ਵਰਗਾ ਹੈ, ਜੋ ਕਈ ਵਾਰ ਮੌਤ ਦੀ ਸਜ਼ਾ ਨਾਲੋਂ ਵੀ ਵੱਧ ਦਰਦਨਾਕ ਹੁੰਦਾ ਹੈ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਹੁਣ ਉਹ ਇਸ ਅਣਿਸ਼ਚਿਤ ਸਥਿਤੀ ਨੂੰ ਹੋਰ ਨਹੀਂ ਸਹਿਣਾ ਚਾਹੁੰਦੇ ਅਤੇ ਆਪਣੀ ਜ਼ਿੰਦਗੀ ਦੇ ਮਾਮਲੇ ‘ਚ ਸਾਫ਼ ਫੈਸਲਾ ਚਾਹੁੰਦੇ ਹਨ। ਰਾਜੋਆਣਾ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਰਹਿਮ ਜਾਂ ਮਾਫ਼ੀ ਦੀ ਅਰਜ਼ੀ ਦੇ ਹੱਕ ਵਿੱਚ ਨਹੀਂ ਹਨ ਅਤੇ ਨਾ ਹੀ ਉਹ ਇਸ ਤਰ੍ਹਾਂ ਦੀ ਕੋਈ “ਰਹਿਮ ਦੀ ਭੀਖ” ਮੰਗਣਾ ਚਾਹੁੰਦੇ ਹਨ। ਉਨ੍ਹਾਂ ਨੇ ਐਸ.ਜੀ.ਪੀ.ਸੀ. ਨੂੰ ਅਪੀਲ ਕੀਤੀ ਕਿ ਅਗਲੇ 10 ਦਿਨਾਂ ਦੇ ਅੰਦਰ ਰਾਸ਼ਟਰਪਤੀ ਕੋਲ ਲੰਬਿਤ ਰਹਿਮ ਅਰਜ਼ੀ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਕੇਂਦਰ ਸਰਕਾਰ ਪਿਛਲੇ ਡੇਢ ਦਹਾਕੇ ਵਿੱਚ ਵੀ ਇਸ ਮਾਮਲੇ ‘ਚ ਕੋਈ ਫੈਸਲਾ ਨਹੀਂ ਕਰ ਸਕੀ, ਤਾਂ ਹੁਣ ਸਿੱਖ ਪੰਥ ਦੀਆਂ ਪ੍ਰਮੁੱਖ ਸੰਸਥਾਵਾਂ ਨੂੰ ਇਸ ਸਥਿਤੀ ‘ਤੇ ਸਪੱਸ਼ਟਤਾ ਲਿਆਉਣੀ ਚਾਹੀਦੀ ਹੈ। ਚਿੱਠੀ ਰਾਹੀਂ ਭਾਈ ਰਾਜੋਆਣਾ ਨੇ ਇਹ ਸੰਦੇਸ਼ ਵੀ ਦਿੱਤਾ ਕਿ ਉਹ ਆਪਣੀ ਕਿਸਮਤ ਦਾ ਜੋ ਵੀ ਫੈਸਲਾ ਹੋਵੇ, ਉਸਨੂੰ ਸਵੀਕਾਰ ਕਰਨ ਲਈ ਤਿਆਰ ਹਨ, ਪਰ ਉਹ ਬਿਨਾਂ ਕਿਸੇ ਨਤੀਜੇ ਦੇ ਜੇਲ੍ਹ ਵਿੱਚ ਹੋਰ ਲੰਮਾ ਸਮਾਂ ਗੁਜ਼ਾਰਨ ਦੇ ਹੱਕ ਵਿੱਚ ਨਹੀਂ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH