ਪੰਜਾਬ ‘ਚ 8ਵੀਂ ਜਮਾਤ ਦਾਖਲੇ ਲਈ ਜਨਮ ਸਰਟੀਫਿਕੇਟ ਲਾਜ਼ਮੀ
ਡਿਜ਼ਿਟਲ ਜਨਮ ਸਰਟੀਫਿਕੇਟ ਬਿਨਾਂ ਨਹੀਂ ਮਿਲੇਗਾ ਦਾਖਲਾ, ਆਨਲਾਈਨ ਦਾਖਲਾ ਰਜਿਸਟਰ ਲਾਜ਼ਮੀ
ਪੰਜਾਬ ਸਕੂਲ ਸਿੱਖਿਆ ਬੋਰਡ।


ਮੋਹਾਲੀ, 01 ਅਪ੍ਰੈਲ (ਹਿੰ.ਸ.)| ਪੰਜਾਬ ਵਿੱਚ ਹੁਣ 8ਵੀਂ ਕਲਾਸ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ ਜਨਮ ਪ੍ਰਮਾਣ ਪੱਤਰ ਲਾਜ਼ਮੀ ਕਰ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਬੁੱਧਵਾਰ ਨੂੰ ਨਵੀਆਂ ਗਾਈਡਲਾਈਨਾਂ ਜਾਰੀ ਕੀਤੀਆਂ ਹਨ, ਗਾਈਡਲਾਈਨਾਂ ਮੁਤਾਬਕ, ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਸਕੂਲ ਬਿਨਾਂ ਡਿਜ਼ਿਟਲ ਜਨਮ ਸਰਟੀਫਿਕੇਟ ਦੇ ਵਿਦਿਆਰਥੀ ਨੂੰ ਦਾਖਲਾ ਨਹੀਂ ਦੇ ਸਕੇਗਾ।

ਬੋਰਡ ਨੇ ਸੂਬੇ ਦੇ ਸਾਰੇ ਸਕੂਲ ਪ੍ਰਿੰਸੀਪਲਾਂ ਨੂੰ ਸਪੱਸ਼ਟ ਹੁਕਮ ਦਿੱਤੇ ਹਨ ਕਿ 8ਵੀਂ ਜਮਾਤਅਤੇ ਇਸ ਤੋਂ ਉੱਪਰ ਦੀਆਂ ਕਲਾਸਾਂ ਵਿੱਚ ਦਾਖਲੇ ਹੁਣ ਆਨਲਾਈਨ ਮੋਡ ਰਾਹੀਂ ਹੀ ਕੀਤੇ ਜਾਣਗੇ। ਇਸਦੇ ਨਾਲ ਹੀ ਹਰ ਵਿਦਿਆਰਥੀ ਦਾ ਡਾਟਾ ਆਨਲਾਈਨ ਦਾਖਲਾ ਰਜਿਸਟਰ ਵਿੱਚ ਦਰਜ ਕਰਨਾ ਲਾਜ਼ਮੀ ਹੋਵੇਗਾ। ਗਾਈਡਲਾਈਨਾਂ ਅਨੁਸਾਰ, ਜਦੋਂ ਕੋਈ ਵਿਦਿਆਰਥੀ 7ਵੀਂ ਪਾਸ ਕਰਕੇ 8ਵੀਂ ਵਿੱਚ ਦਾਖਲਾ ਲਵੇਗਾ, ਤਾਂ ਉਸਦਾ ਜਨਮ ਸਰਟੀਫਿਕੇਟ ਦਾ ਰਜਿਸਟ੍ਰੇਸ਼ਨ ਨੰਬਰ ਆਨਲਾਈਨ ਰਜਿਸਟਰ ਵਿੱਚ ਭਰਨਾ ਪਵੇਗਾ। ਇਸ ਤੋਂ ਬਾਅਦ ਸਿਸਟਮ ਵੱਲੋਂ ਉਸਦੀ ਆਟੋ ਵੈਰੀਫਿਕੇਸ਼ਨ ਹੋ ਜਾਵੇਗੀ। ਜੇਕਰ ਵਿਦਿਆਰਥੀ ਪੰਜਾਬ ਤੋਂ ਬਾਹਰ ਕਿਸੇ ਹੋਰ ਰਾਜ ਵਿੱਚ ਜਨਮਿਆ ਹੈ, ਤਾਂ ਉਸਦਾ ਸਰਟੀਫਿਕੇਟ ਸਕੂਲ ਪ੍ਰਿੰਸੀਪਲ ਵੱਲੋਂ ਸੰਬੰਧਤ ਅਥਾਰਟੀ ਤੋਂ ਵੈਰੀਫਾਈ ਕਰਵਾਉਣਾ ਲਾਜ਼ਮੀ ਹੋਵੇਗਾ।

ਬੋਰਡ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੇ 7ਵੀਂ ਜਮਾਤ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਤ ਸਕੂਲਾਂ ਤੋਂ ਪਾਸ ਕੀਤੀ ਹੈ ਜਾਂ ਜੋ 8ਵੀਂ ਵਿੱਚ ਫੇਲ੍ਹ ਹੋਏ ਹਨ, ਉਹਨਾਂ ਨੂੰ ਹੀ ਰੈਗੂਲਰ ਦਾਖਲਾ ਮਿਲੇਗਾ। ਦੂਜੇ ਬੋਰਡਾਂ ਦੇ ਕੇਵਲ ਰੈਗੂਲਰ ਵਿਦਿਆਰਥੀਆਂ ਨੂੰ ਹੀ ਦਾਖਲਾ ਦਿੱਤਾ ਜਾਵੇਗਾ। ਉਮਰ ਸੰਬੰਧੀ ਨਿਯਮਾਂ ਵਿੱਚ ਵੀ ਸਖ਼ਤੀ ਕੀਤੀ ਗਈ ਹੈ। 8ਵੀਂ ਕਲਾਸ ਵਿੱਚ ਦਾਖਲੇ ਲਈ ਵਿਦਿਆਰਥੀ ਦੀ ਉਮਰ 31 ਮਾਰਚ ਤੱਕ ਘੱਟੋ-ਘੱਟ 12 ਸਾਲ ਹੋਣੀ ਲਾਜ਼ਮੀ ਹੈ। ਇਸਦੀ ਜਾਂਚ ਦੀ ਪੂਰੀ ਜ਼ਿੰਮੇਵਾਰੀ ਸਕੂਲ ਪ੍ਰਿੰਸੀਪਲ ਦੀ ਹੋਵੇਗੀ।

ਇਸਦੇ ਨਾਲ ਹੀ, ਦਾਖਲੇ ਸਮੇਂ ਹੀ ਵਿਦਿਆਰਥੀ ਦਾ ਪੂਰਾ ਡਾਟਾ ਆਫਲਾਈਨ ਅਤੇ ਆਨਲਾਈਨ ਦੋਹਾਂ ਰਜਿਸਟਰਾਂ ਵਿੱਚ ਦਰਜ ਕਰਨਾ ਹੋਵੇਗਾ। ਆਨਲਾਈਨ ਰਜਿਸਟਰ ਨੂੰ ਕਲੋਜ਼ ਕਰਦੇ ਸਮੇਂ ਈ-ਸਾਈਨ ਕਰਨਾ ਲਾਜ਼ਮੀ ਹੋਵੇਗਾ ਅਤੇ ਉਸਦੀ ਹਾਰਡ ਕਾਪੀ ਵੀ ਸਕੂਲ ਰਿਕਾਰਡ ਵਿੱਚ ਸੰਭਾਲ ਕੇ ਰੱਖਣੀ ਪਵੇਗੀ।

ਬੋਰਡ ਨੇ ਇਹ ਵੀ ਕਿਹਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਦਾ ਆਨਲਾਈਨ ਦਾਖਲਾ ਦਰਜ ਹੋਵੇਗਾ, ਸਿਰਫ਼ ਉਹਨਾਂ ਦੀ ਹੀ ਰਜਿਸਟ੍ਰੇਸ਼ਨ ਫੀਸ ਭਰੀ ਜਾ ਸਕੇਗੀ। ਇੱਕ ਵਾਰ ਆਨਲਾਈਨ ਐਂਟਰੀ ਹੋਣ ਤੋਂ ਬਾਅਦ ਡਾਟਾ ਡਿਲੀਟ ਨਹੀਂ ਕੀਤਾ ਜਾ ਸਕੇਗਾ ਅਤੇ ਸਕੂਲ ਬਦਲਣ ਲਈ ਟ੍ਰਾਂਸਫਰ ਪੋਰਟਲ ਦੀ ਵਰਤੋਂ ਕਰਨੀ ਪਵੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande