
ਬਠਿੰਡਾ, 01 ਅਪ੍ਰੈਲ (ਹਿੰ.ਸ.)| ਬਠਿੰਡਾ-ਡਬਵਾਲੀ ਨੈਸ਼ਨਲ ਹਾਈਵੇ ‘ਤੇ ਬੁੱਧਵਾਰ ਸਵੇਰੇ ਕਰੀਬ 7 ਵਜੇ ਅਮਰਪੁਰਾ ਗੁਰਥੜੀ ਪਿੰਡ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ।ਇਸ ਦੌਰਾਨ ਇਕ ਬਸ ਅਤੇ ਟ੍ਰੈਕਟਰ-ਟਰਾਲੀ ਦੀ ਆਮਣੇ ਸਾਹਮਣੇ ਟੱਕਰ ਹੋ ਗਈ, ਜਿਸ ਵਿੱਚ ਬੱਸ ਦਾ ਚਾਲਕ ਸਮੇਤ ਕੁੱਲ 3 ਲੋਕ ਜਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੱਸ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਦੇ ਕਰਮਚਾਰੀਆਂ ਨੂੰ ਰਾਮਾ ਮੰਡੀ ਵੱਲ ਲੈ ਕੇ ਜਾ ਰਹੀ ਸੀ, ਜਦਕਿ ਟ੍ਰੈਕਟਰ-ਟਰਾਲੀ ‘ਤੇ ਪਰਾਲੀ ਦੀਆਂ ਗੰਢਾਂ ਲੋਡ ਕੀਤੀਆਂ ਹੋਈਆਂ ਸਨ। ਟੱਕਰ ਇੰਨੀ ਜ਼ੋਰਦਾਰ ਸੀ ਕਿ ਦੋਵੇਂ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ।
ਹਾਦਸੇ ਵਿੱਚ ਬਸ ਦਾ ਚਾਲਕ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ, ਜਿਸਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਤੋਂ ਇਲਾਵਾ ਬਸ ਵਿੱਚ ਸਵਾਰ ਰਿਫਾਈਨਰੀ ਦੇ ਹੋਰ ਤਿੰਨ ਕਰਮਚਾਰੀਆਂ ਨੂੰ ਹਲਕੀਆਂ ਸੱਟਾਂ ਲੱਗੀਆ ਹਨ, ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਦੀ ਮਦਦ ਨਾਲ ਮੌਕੇ ‘ਤੇ ਹੀ ਪ੍ਰਾਥਮਿਕ ਇਲਾਜ ਦਿੱਤਾ ਗਿਆ। ਹਾਦਸੇ ਤੋਂ ਬਾਅਦ ਹਾਈਵੇ ‘ਤੇ ਜਾਮ ਲੱਗ ਗਿਆ ਜਿਸ ਨਾਲ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਸੰਗਤ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH