
ਤਰਨ ਤਾਰਨ, 01 ਅਪ੍ਰੈਲ (ਹਿੰ.ਸ.)। ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਸਿੱਧੀ ਸਰਪ੍ਰਸਤੀ ਹੇਠ ਇਲਾਕੇ ਅੰਦਰ 'ਆਪ' ਆਗੂਆਂ ਵੱਲੋਂ ਗਰੀਬ ਅਤੇ ਦਲਿਤ ਪਰਿਵਾਰਾਂ 'ਤੇ ਢਾਹੇ ਜਾ ਰਹੇ ਅੱਤਿਆਚਾਰਾਂ ਨੇ ਪੰਜਾਬ ਅੰਦਰ ਕਾਨੂੰਨ ਵਿਵਸਥਾ ਦਾ ਜਨਾਜ਼ਾ ਕੱਢ ਕੇ ਰੱਖ ਦਿੱਤਾ ਹੈ। ਇਹ ਪ੍ਰਗਟਾਵਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ 'ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੀ ਸਮੁੱਚੀ ਲੀਡਰਸ਼ਿਪ ਸਮੇਤ ਪਿੰਡ ਵੈਈਂਪੂਈ ਅਤੇ ਢੋਟੀਆਂ ਦਾ ਦੌਰਾ ਕਰਨ ਉਪਰੰਤ ਕੀਤਾ। ਪਿੰਡ ਵੈਈਂਪੂਈ ਵਿਖੇ 'ਆਪ' ਸਰਪੰਚ ਹਰਜਿੰਦਰ ਸਿੰਘ ਵੱਲੋਂ ਹਥਿਆਰਾਂ ਦੀ ਨੋਕ 'ਤੇ ਸਾੜੇ ਗਏ ਗਰੀਬ ਦਲਿਤ ਪਰਿਵਾਰ ਦੇ ਘਰ ਦਾ ਜਾਇਜ਼ਾ ਲੈਂਦਿਆਂ ਅਤੇ ਪੀੜਤ ਪਰਿਵਾਰਾਂ ਦਾ ਦਰਦ ਵੰਡਾਉਂਦਿਆਂ ਬ੍ਰਹਮਪੁਰਾ ਨੇ ਭਗਵੰਤ ਮਾਨ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਗਰੀਬਾਂ ਦੇ ਘਰਾਂ ਨੂੰ ਅੱਗਾਂ ਲਗਾਉਣੀਆਂ ਅਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨੂੰ ਸਾੜਨਾ ਸ਼ਰੇਆਮ ਲੋਕਤੰਤਰ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਦਾ ਕਤਲ ਹੈ, ਜਿਸਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਬ੍ਰਹਮਪੁਰਾ ਨੇ ਸਪੱਸ਼ਟ ਦੋਸ਼ ਲਗਾਇਆ ਕਿ ਇਹ ਸਾਰਾ ਅੱਤਵਾਦ ਅਤੇ ਗੁੰਡਾਗਰਦੀ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਦੀ ਸਿੱਧੀ ਸ਼ਹਿ 'ਤੇ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਢੋਟੀਆਂ ਵਿਖੇ ਦਲਿਤ ਨੌਜਵਾਨ ਨੂੰ ਕਮਰੇ ਵਿੱਚ ਬੰਦ ਕਰਕੇ ਬੇਰਹਿਮੀ ਨਾਲ ਰਾਡਾਂ ਨਾਲ ਕੁੱਟਣ ਵਾਲਾ ਢੋਟੀਆਂ ਦਾ ਸਰਪੰਚ ਅਤੇ ਘਰਾਂ ਨੂੰ ਅੱਗਾਂ ਲਗਾਉਣ ਵਾਲਾ ਵਿਧਾਇਕ ਦਾ ਸਕਾ ਸਾਲਾ ਸਰਪੰਚ ਬਲਦੇਵ ਸਿੰਘ ਗੋਰਾ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਪੰਜਾਬ ਪੁਲਿਸ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਭਾਰੀ ਦਬਾਅ ਸਦਕਾ ਪੁਲਿਸ ਨੇ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਤਾਂ ਦਰਜ ਕਰ ਲਿਆ ਹੈ, ਪਰ ਸੱਤਾਧਾਰੀ ਧਿਰ ਅਤੇ ਵਿਧਾਇਕ ਦੇ ਸਿਆਸੀ ਦਬਾਅ ਹੇਠ ਪੁਲਿਸ ਇਨ੍ਹਾਂ ਗੁੰਡਿਆਂ ਦੀ ਗ੍ਰਿਫ਼ਤਾਰੀ ਕਰਨ ਤੋਂ ਬੇਵੱਸ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦਾ ਸ਼ਰੇਆਮ ਆਜ਼ਾਦ ਘੁੰਮਣਾ ਇਹ ਸਾਬਤ ਕਰਦਾ ਹੈ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਵਿਧਾਇਕ ਦੀ ਕਠਪੁਤਲੀ ਬਣ ਚੁੱਕੀ ਹੈ।
ਬ੍ਰਹਮਪੁਰਾ ਨੇ ਅੱਗੇ ਕਿਹਾ ਕਿ ਪੰਜਾਬ ਪੁਲਿਸ ਅਤੇ ਸੂਬਾ ਸਰਕਾਰ ਤੋਂ ਇਨਸਾਫ਼ ਦੀ ਆਸ ਮੁੱਕ ਚੁੱਕੀ ਹੈ, ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਹੀ ਪੀੜਤ ਪਰਿਵਾਰਾਂ ਦੀ ਤਰਫ਼ੋਂ 'ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟਸ, ਨਵੀਂ ਦਿੱਲੀ ਨੂੰ ਲਿਖਤੀ ਸ਼ਿਕਾਇਤ ਅਤੇ ਸਾਰੇ ਵੀਡੀਓ ਸਬੂਤ ਭੇਜ ਦਿੱਤੇ ਹਨ। ਉਨ੍ਹਾਂ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਡੀ.ਜੀ.ਪੀ. ਨੂੰ ਤੁਰੰਤ ਦਿੱਲੀ ਤਲਬ ਕਰਕੇ ਇਸ ਸਿਆਸੀ ਗੁੰਡਾਗਰਦੀ ਦਾ ਸਖ਼ਤ ਨੋਟਿਸ ਲਿਆ ਜਾਵੇ। ਉਨ੍ਹਾਂ ਪ੍ਰਸ਼ਾਸਨ ਨੂੰ ਸਿੱਧੀ ਚੇਤਾਵਨੀ ਦਿੱਤੀ ਕਿ ਜੇਕਰ ਵਿਧਾਇਕ ਦੇ ਸਾਲੇ ਬਲਦੇਵ ਸਿੰਘ ਗੋਰਾ, ਢੋਟੀਆਂ ਦੇ ਸਰਪੰਚ ਅਤੇ ਹੋਰ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਜੇਲ੍ਹ ਨਾ ਭੇਜਿਆ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਵਿੰਦਰ ਸਿੰਘ ਵੇਈਪੂਈ, ਸੀਨੀਅਰ ਅਕਾਲੀ ਆਗੂ ਜਥੇਦਾਰ ਦਲਬੀਰ ਸਿੰਘ ਜਹਾਂਗੀਰ (ਮੀਤ ਪ੍ਰਧਾਨ), ਗੁਰਸੇਵਕ ਸਿੰਘ ਸੇਖ (ਚੇਅਰਮੈਨ), ਸਾਬਕਾ ਸਰਪੰਚ ਰਜਿੰਦਰ ਸਿੰਘ ਰਾਜਨ, ਤਸਵੀਰ ਸਿੰਘ (ਮੈਂਬਰ ਪੰਚਾਇਤ), ਡਾਕਟਰ ਰਾਣਾ ਅਤੇ ਸਮਿਤੀ ਮੈਂਬਰ ਸ਼ਮਸ਼ੇਰ ਸਿੰਘ ਸ਼ਾਮਲ ਸਨ, ਜਿਨ੍ਹਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਭਾਰੀ ਰੋਸ ਦਾ ਪ੍ਰਗਟਾਵਾ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ