ਜੋਗਿੰਦਰਾ ਗਰੁੱਪ ਦਾ 1,100 ਕਰੋੜ ਦਾ ਵੱਡਾ ਨਿਵੇਸ਼, ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਮਿਲੇਗਾ ਨਵਾਂ ਹੁਲਾਰਾ: ਸੰਜੀਵ ਅਰੋੜਾ
ਚੰਡੀਗੜ੍ਹ, 01 ਅਪ੍ਰੈਲ (ਹਿੰ.ਸ.)| ਪੰਜਾਬ ਦੇ ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਐਲਾਨ ਕੀਤਾ ਹੈ ਕਿ ਜੋਗਿੰਦਰਾ ਗਰੁੱਪ ਵੱਲੋਂ 1,100 ਕਰੋੜ ਰੁਪਏ ਦਾ ਵੱਡਾ ਨਿਵੇਸ਼ ਸੂਬੇ ਦੇ ਉਦਯੋਗਿਕ ਵਿਕਾਸ ਅਤੇ ਗਰੀਨ ਊਰਜਾ ਖੇਤਰ ਨੂੰ ਮਹੱਤ
ਸੰਜੀਵ ਅਰੋੜਾ


ਚੰਡੀਗੜ੍ਹ, 01 ਅਪ੍ਰੈਲ (ਹਿੰ.ਸ.)|

ਪੰਜਾਬ ਦੇ ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਐਲਾਨ ਕੀਤਾ ਹੈ ਕਿ ਜੋਗਿੰਦਰਾ ਗਰੁੱਪ ਵੱਲੋਂ 1,100 ਕਰੋੜ ਰੁਪਏ ਦਾ ਵੱਡਾ ਨਿਵੇਸ਼ ਸੂਬੇ ਦੇ ਉਦਯੋਗਿਕ ਵਿਕਾਸ ਅਤੇ ਗਰੀਨ ਊਰਜਾ ਖੇਤਰ ਨੂੰ ਮਹੱਤਵਪੂਰਨ ਤੌਰ ‘ਤੇ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਇਹ ਨਿਵੇਸ਼ ਪੰਜਾਬ ਵਿੱਚ ਉਦਯੋਗਾਂ ਦੇ ਵਧਦੇ ਭਰੋਸੇ ਅਤੇ ਸਰਕਾਰ ਦੀਆਂ ਪ੍ਰਗਤੀਸ਼ੀਲ ਨੀਤੀਆਂ ਦਾ ਸਪੱਸ਼ਟ ਸਬੂਤ ਹੈ।

ਮੰਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਯੋਜਨਾ ਤਹਿਤ ਸਟੀਲ ਖੇਤਰ ਵਿੱਚ ਲਗਭਗ 700 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ, ਜਦਕਿ 400 ਕਰੋੜ ਰੁਪਏ ਨਵਿਆਉਣਯੋਗ ਊਰਜਾ ਖੇਤਰ ਵਿੱਚ ਲਗਾਏ ਜਾਣਗੇ। ਇਹ ਨਿਵੇਸ਼ ਜੋਗਿੰਦਰਾ ਕਾਸਟਿੰਗ ਅਤੇ ਵਰਧਮਾਨ ਆਦਰਸ਼ ਵਰਗੀਆਂ ਇਕਾਈਆਂ ਰਾਹੀਂ ਕੀਤਾ ਜਾਵੇਗਾ, ਜਦਕਿ ਗਰੀਨ ਊਰਜਾ ਲਈ ਜੋਗਿੰਦਰਾ ਗ੍ਰੀਨ ਇੰਡੀਆ ਮਹੱਤਵਪੂਰਨ ਭੂਮਿਕਾ ਨਿਭਾਏਗੀ।

ਸੰਜੀਵ ਅਰੋੜਾ ਨੇ ਕਿਹਾ ਕਿ ਇਸ ਨਿਵੇਸ਼ ਨਾਲ ਜੋਗਿੰਦਰਾ ਗਰੁੱਪ ਦਾ ਟਰਨਓਵਰ 3,000 ਕਰੋੜ ਰੁਪਏ ਤੋਂ ਵੱਧ ਕੇ 5,000 ਕਰੋੜ ਰੁਪਏ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕਰਮਚਾਰੀਆਂ ਦੀ ਗਿਣਤੀ 1,800 ਤੋਂ ਵੱਧ ਕੇ 3,000 ਤੱਕ ਹੋਣ ਦੀ ਉਮੀਦ ਹੈ, ਜਿਸ ਨਾਲ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਹੋਣਗੇ। ਉਨ੍ਹਾਂ ਅੱਗੇ ਦੱਸਿਆ ਕਿ ਗਰੁੱਪ ਦੀ ਨਵਿਆਉਣਯੋਗ ਊਰਜਾ ਸਮਰੱਥਾ 37 ਮੈਗਾਵਾਟ ਤੋਂ ਵੱਧ ਕੇ 120 ਮੈਗਾਵਾਟ ਹੋ ਜਾਵੇਗੀ, ਜੋ ਸੂਬੇ ਵਿੱਚ ਸਾਫ਼-ਸੁਥਰੀ ਊਰਜਾ ਦੇ ਪ੍ਰਚਾਰ ਨੂੰ ਮਜ਼ਬੂਤੀ ਦੇਵੇਗੀ।

ਮੰਤਰੀ ਨੇ ਜੋਗਿੰਦਰਾ ਗਰੁੱਪ ਦੇ ਪਿਛੋਕੜ ਬਾਰੇ ਦੱਸਦਿਆਂ ਕਿਹਾ ਕਿ 1992 ਵਿੱਚ ਸਥਾਪਿਤ ਇਹ ਗਰੁੱਪ ਉੱਤਰੀ ਭਾਰਤ ਦੇ ਪ੍ਰਮੁੱਖ ਸਟੀਲ ਨਿਰਮਾਤਾ ਸੰਸਥਾਨਾਂ ਵਿੱਚੋਂ ਇੱਕ ਹੈ ਅਤੇ ਹੁਣ ਇਹ ਗਰੀਨ ਊਰਜਾ ਖੇਤਰ ਵਿੱਚ ਵੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਗਰੁੱਪ ਦੀ ਅਗਵਾਈ ਸੀਐਮਡੀ ਆਦਰਸ਼ ਗਰਗ ਕਰ ਰਹੇ ਹਨ, ਜਿਨ੍ਹਾਂ ਦੇ ਨਾਲ ਡਾਇਰੈਕਟਰ ਸੰਜੇ ਗੁਪਤਾ ਅਤੇ ਨਿਮਿਤ ਗੁਪਤਾ ਵੀ ਸ਼ਾਮਲ ਹਨ।

ਖੇਤਰੀ ਪ੍ਰਭਾਵ ‘ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਮੰਡੀ ਗੋਬਿੰਦਗੜ੍ਹ ਹਮੇਸ਼ਾ ਤੋਂ ਪੰਜਾਬ ਦੇ ਸਟੀਲ ਉਦਯੋਗ ਦੀ ਰੀੜ੍ਹ ਦੀ ਹੱਡੀ ਰਿਹਾ ਹੈ ਅਤੇ ਇਹ ਨਵੇਂ ਨਿਵੇਸ਼ ਇਸਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨਗੇ। ਉਨ੍ਹਾਂ ਕਿਹਾ ਕਿ ਇਹ ਵਿਕਾਸ ਗੋਬਿੰਦਗੜ੍ਹ ਨੂੰ ਇੱਕ ਵਾਰ ਫਿਰ ਸੂਬੇ ਦੇ ਉਦਯੋਗਿਕ ਵਿਕਾਸ ਦਾ ਕੇਂਦਰ ਬਣਾਏਗਾ। ਮੰਤਰੀ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਉਦਯੋਗ ਪੱਖੀ ਮਾਹੌਲ ਪ੍ਰਦਾਨ ਕਰਨ, ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਵਾਤਾਵਰਣ-ਮਿਤਰ ਉਦਯੋਗਿਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande