
ਚੰਡੀਗੜ੍ਹ, 01 ਅਪ੍ਰੈਲ (ਹਿੰ.ਸ.)। ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸਿੱਖ ਪੰਥ ਦੀ ਸਨਮਾਨਿਤ ਸ਼ਖਸੀਅਤ ਐਡਵੋਕੇਟ ਐਚ ਐਸ ਫੁਲਕਾ, ਜਿਨ੍ਹਾਂ ਨੇ ਹਮੇਸਾਂ ਕੌਮ ਲਈ ਨਿਆਂ ਦੀ ਲੜਾਈ ਨਿੱਡਰ ਹੋ ਕੇ ਲੜੀ ਹੈ, ਉਨ੍ਹਾਂ ਦਾ ਭਾਜਪਾ ਵਿਚ ਸ਼ਾਮਿਲ ਹੋਣਾ ਦੱਸਦਾ ਹੈ ਕਿ ਅੱਜ ਸੱਚ ਦੇ ਸੂਰਜ ਸਾਹਮਣੇ ਭਾਰਤੀ ਜਨਤਾ ਪਾਰਟੀ ਪ੍ਰਤੀ ਵਿਰੋਧੀਆਂ ਵੱਲੋਂ ਫੈਲਾਏ ਝੂਠ ਦੇ ਭਰਮ ਜਾਲ ਟੁੱਟ ਰਹੇ ਹਨ।
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਹਾਜ਼ਰੀ ਵਿਚ ਐਡਵੋਕੇਟ ਐਚਐਸ ਫੁਲਕਾ ਦੇ ਭਾਜਪਾ ਵਿਚ ਸ਼ਾਮਿਲ ਹੋਣ ਮੌਕੇ ਸੂਬਾ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਸਿੱਖ ਕੌਮ ਦੀ ਚੜਦੀਕਲਾਂ ਲਈ ਸੱਚੇ ਮਨ ਨਾਲ ਕੀਤੇ ਯਤਨਾਂ ਕਾਰਨ ਹੀ ਹੈ ਕਿ ਅੱਜ ਪਾਰਟੀ ਵਿਚ ਐਡਵੋਕੇਟ ਐਚ ਐਸ ਫੁਲਕਾ ਵਰਗੇ ਉਚੇ ਕਿਰਦਾਰ ਦੇ ਆਗੂ ਭਾਜਪਾ ਨਾਲ ਜੁੜ ਰਹੇ ਹਨ।
ਉਨ੍ਹਾਂ ਨੇ ਇਸ ਸਬੰਧੀ ਇਕ ਸ਼ੋਸਲ ਮੀਡੀਆ ਪੋਸਟ ਵਿਚ ਲਿਖਿਆ, ''ਸਿੱਖ ਧਰਮ ਲਈ ਨਿਆਂ ਦੀ ਲੜਾਈ ਨਿੱਡਰ ਹੋ ਕੇ ਲੜਨ ਵਾਲੇ ਐਡਵੋਕੇਟ ਐਚ ਐਸ ਫੁਲਕਾ, ਜਿਨ੍ਹਾਂ ਨੂੰ ਸਿੱਖ ਧਰਮ ਦਾ ਹਰ ਵਿਅਕਤੀ ਸਤਿਕਾਰ ਨਾਲ ਵੇਖਦਾ ਹੈ, ਉਹ ਅੱਜ ਭਾਜਪਾ ਵਿਚ ਸ਼ਾਮਿਲ ਹੋਏ ਹਨ। ਉਨ੍ਹਾਂ ਵਰਗੇ ਉਚੇ ਕਿਰਦਾਰ ਦੀ ਸਿੱਖ ਸਖਸੀਅਤ ਦਾ ਭਾਜਪਾ ਨਾਲ ਜੁੜਨਾ ਦੱਸਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਵੱਲੋਂ ਸੱਚੇ ਮਨ ਨਾਲ ਸਿੱਖ ਧਰਮ ਅਤੇ ਸਿੱਖੀ ਲਈ ਕਾਰਜ ਕੀਤੇ ਜਾ ਰਹੇ ਹਨ ਅਤੇ ਸੱਚ ਦੇ ਸਾਹਮਣੇ ਵਿਰੋਧੀਆਂ ਵੱਲੋਂ ਸਿਰਜੇ ਝੂਠ ਦੇ ਭਰਮ ਟੁੱਟ ਰਹੇ ਹਨ। ਐਡਵੋਕੇਟ ਐਚ ਐਸ ਫੁਲਕਾ ਜੀ ਦਾ ਪਾਰਟੀ ਵਿਚ ਸ਼ਾਮਿਲ ਹੋਣ ਤੇ ਦਿਲ ਦੀਆਂ ਗਹਿਰਾਈਆਂ ਵਿਚੋਂ ਸਵਾਗਤ।
ਸੁਨੀਲ ਜਾਖੜ ਨੇ ਕਿਹਾ ਕਿ ਕੌਮ ਵਿਚ ਵੱਖ ਵੱਖ ਰਾਏ ਰੱਖਣ ਵਾਲੇ ਲੋਕ ਹੋ ਸਕਦੇ ਹਨ ਪਰ ਐਡਵੋਕੇਟ ਐਚਐਸ ਫੁਲਕਾ ਪ੍ਰਤੀ ਸਭ ਦਾ ਸਤਿਕਾਰ ਹੈ। ਉਨ੍ਹਾਂ ਦਾ ਪੂਰਾ ਸਮਾਜ ਸਤਿਕਾਰ ਕਰਦਾ ਹੈ ਕਿਉਂਕਿ ਉਨ੍ਹਾਂ ਨੇ ਨਿਆਂ ਦੀ ਲੜਾਈ ਵਿਚ ਨਿਆਂ ਲਈ ਲੜਨ ਨੂੰ ਪਹਿਲ ਦਿੱਤੀ ਨਾ ਕਿ ਆਪਣੇ ਹਿੱਤਾਂ ਨੂੰ, ਇਸ ਲਈ ਉਨ੍ਹਾਂ ਨੂੰ ਆਪਣਾ ਅਹੁਦਾ ਵੀ ਛੱਡਣਾ ਪਿਆ ਤਾਂ ਉਹ ਪਿੱਛੇ ਨਹੀਂ ਹਟੇ। ਉਨ੍ਹਾਂ ਨੇ 1984 ਵਿਚ ਹੋਏ ਸਿੱਖਾਂ ਦੇ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਲੰਬਾ ਸੰਘਰਸ਼ ਲੜਿਆ ਅਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਉਹ ਕੇਸ ਮੁੜ ਖੋਲ੍ਹ ਕੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਐਡਵੋਕੇਟ ਐਚਐਸ ਫੂਲਕਾ ਕੌਮ ਦੀ ਬਿਤਹਰੀ ਲਈ ਹੁਣ ਹੋਰ ਵਿਚ ਸਾਰਥਕ ਕੰਮ ਕਰ ਸਕਣਗੇ ਅਤੇ ਉਨ੍ਹਾਂ ਦਾ ਪਾਰਟੀ ਵਿਚ ਨਿੱਘਾ ਸਵਾਗਤ ਹੈ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ