
ਲੁਧਿਆਣਾ, 01 ਅਪ੍ਰੈਲ (ਹਿੰ.ਸ.)| ਲੁਧਿਆਣਾ ਦੇ ਜੋਧਾਂ ਇਲਾਕੇ ਵਿੱਚ ਪਟਾਖਾ ਬਣਾਉਣ ਵਾਲੀ ਗੈਰਕਾਨੂੰਨੀ ਫੈਕਟਰੀ ਵਿੱਚ ਹੋਏ ਭਿਆਨਕ ਧਮਾਕੇ ਮਾਮਲੇ ਵਿੱਚ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਕੁਝ ਲੋਕ ਉੱਤਰ ਪ੍ਰਦੇਸ਼ ਦੇ ਸ਼ਾਮਲੀ ਇਲਾਕੇ ਤੋਂ ਕਰੀਬ ਚਾਰ ਦਿਨ ਪਹਿਲਾਂ ਇੱਥੇ ਆ ਕੇ ਰਹਿਣ ਲੱਗੇ ਸਨ।
ਜਾਣਕਾਰੀ ਮੁਤਾਬਕ, ਇਹ ਲੋਕ ਆਪਣੇ ਘਰ ਵਿੱਚ ਗੈਰਕਾਨੂੰਨੀ ਤੌਰ ‘ਤੇ ਪਟਾਖੇ ਤਿਆਰ ਕਰ ਰਹੇ ਸਨ। ਇਸ ਦੌਰਾਨ ਬਾਰੂਦ ਨੂੰ ਅਚਾਨਕ ਅੱਗ ਲੱਗਣ ਕਾਰਨ ਭਿਆਨਕ ਧਮਾਕਾ ਹੋ ਗਿਆ, ਜਿਸ ਨਾਲ ਘਰ ਦਾ ਲੈਂਟਰ ਡਿੱਗ ਗਿਆ। ਪੁਲਿਸ ਅਤੇ ਪ੍ਰਸ਼ਾਸਨ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤਾ ਅਤੇ ਫੌਜ ਤੇ ਐਨਡੀਆਰਐਫ ਦੀ ਟੀਮ ਨੂੰ ਵੀ ਸੂਚਿਤ ਕੀਤਾ ਗਿਆ। ਪਿੰਡ ਵਾਸੀਆਂ ਦੀ ਮਦਦ ਨਾਲ ਇੱਕ ਨੌਜਵਾਨ ਨੂੰ ਮਲਬੇ ਹੇਠੋਂ ਬਾਹਰ ਕੱਢਿਆ ਗਿਆ, ਪਰ ਹਸਪਤਾਲ ਲੈ ਜਾਂਦੇ ਸਮੇਂ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 18 ਸਾਲਾ ਮੁਹੰਮਦ ਕੈਫ ਵਜੋਂ ਹੋਈ ਹੈ। ਇਸ ਹਾਦਸੇ ਵਿੱਚ ਦੋ ਹੋਰ ਲੋਕ ਵੀ ਜਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਇੱਕ 19 ਸਾਲ ਦੀ ਕੁੜੀ ਅਤੇ 50 ਸਾਲਾ ਵਿਅਕਤੀ ਸ਼ਾਮਲ ਹਨ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਾਜਿਦ ਅਤੇ ਸਾਜਿਦ ਨਾਮ ਦੇ ਦੋ ਭਰਾਵਾਂ ਨੇ ਇਹ ਮਕਾਨ ਕਿਰਾਏ ‘ਤੇ ਲਿਆ ਹੋਇਆ ਸੀ ਅਤੇ ਲਾਲਚ ਦੇ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇੱਥੇ ਲਿਆਂਦਾ ਗਿਆ ਸੀ। ਦੋਹਾਂ ‘ਤੇ ਗੈਰਕਾਨੂੰਨੀ ਤੌਰ ‘ਤੇ ਵਿਸਫੋਟਕ ਸਮੱਗਰੀ ਨਾਲ ਪਟਾਖੇ ਬਣਾਉਣ ਦੇ ਦੋਸ਼ ਹਨ। ਦੂਜੇ ਪਾਸੇ ਮ੍ਰਿਤਕ ਦੇ ਪਿਤਾ ਜਮੀਲ ਨੇ ਦਾਅਵਾ ਕੀਤਾ ਕਿ ਸ਼ਾਮ ਸਮੇਂ ਹਨ੍ਹੇਰੀ ਦੌਰਾਨ ਬਿਜਲੀ ਡਿੱਗਣ ਕਾਰਨ ਸ਼ਾਰਟ ਸਰਕਟ ਹੋਇਆ, ਜਿਸ ਨਾਲ ਸਿਲੰਡਰ ਫਟਣ ਕਾਰਨ ਧਮਾਕਾ ਵਾਪਰਿਆ। ਹਾਲਾਂਕਿ ਪ੍ਰਸ਼ਾਸਨ ਅਤੇ ਫੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਟਾਖਿਆਂ ਦੇ ਕੈਮੀਕਲ ਵਿੱਚ ਧਮਾਕਾ ਹੋਣ ਕਾਰਨ ਇਹ ਹਾਦਸਾ ਵਾਪਰਿਆ। ਫੌਜ ਦੇ ਅਧਿਕਾਰੀ ਪੁਸ਼ਪ ਰਾਜ ਨੇ ਦੱਸਿਆ ਕਿ ਘਰ ਦੇ ਅੰਦਰ ਵੱਡੀ ਮਾਤਰਾ ਵਿੱਚ ਪਟਾਸ ਵਰਗਾ ਵਿਸਫੋਟਕ ਪਦਾਰਥ ਮੌਜੂਦ ਸੀ, ਜਿਸ ਕਰਕੇ ਫੌਜ ਦੀ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ। ਉਨ੍ਹਾਂ ਕਿਹਾ ਕਿ ਹਨੇਰੇ ਅਤੇ ਮਕਾਨ ਡਿੱਗਣ ਕਾਰਨ ਰਾਤ ਸਮੇਂ ਰਾਹਤ ਕਾਰਜ ਸੀਮਿਤ ਰਿਹਾ, ਪਰ ਅਗਲੀ ਕਾਰਵਾਈ ਜਾਰੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH