
ਨਿਹਾਲ ਸਿੰਘ ਵਾਲਾ (ਮੋਗਾ), 10 ਅਪ੍ਰੈਲ (ਹਿੰ.ਸ.)। ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਅੱਜ ਨਿਹਾਲ ਸਿੰਘ ਵਾਲਾ ਦੀ ਪਵਿੱਤਰ ਧਰਤੀ 'ਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ 'ਪੰਜਾਬ ਸੰਭਾਲੋ ਮੁਹਿੰਮ' ਤਹਿਤ ਇੱਕ ਵਿਸ਼ਾਲ 'ਸੱਤਾ ਪ੍ਰਾਪਤ ਕਰੋ ਰੈਲੀ' ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਵਰਕਰਾਂ ਨੇ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ਨੂੰ ਬਦਲਣ ਅਤੇ ਬਹੁਜਨ ਸਮਾਜ ਦੀ ਸਰਕਾਰ ਬਣਾਉਣ ਦਾ ਅਹਿਦ ਲਿਆ।
ਰੈਲੀ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਪ੍ਰਤਾਪ ਸਿੰਘ (ਕੇਂਦਰੀ ਇੰਚਾਰਜ, ਬਸਪਾ ਪੰਜਾਬ) ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੰਜਾਬ ਨੂੰ ਬਚਾਉਣ ਲਈ ਬਹੁਜਨ ਸਮਾਜ ਦਾ ਇੱਕਜੁੱਟ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ 'ਪੰਜਾਬ ਸੰਭਾਲੋ ਮੁਹਿੰਮ' ਦਾ ਮਕਸਦ ਸੂਬੇ ਨੂੰ ਭ੍ਰਿਸ਼ਟਾਚਾਰ, ਨਸ਼ਿਆਂ ਅਤੇ ਆਰਥਿਕ ਕੰਗਾਲੀ ਵਿੱਚੋਂ ਕੱਢ ਕੇ ਬਾਬਾ ਸਾਹਿਬ ਦੇ ਸੁਪਨਿਆਂ ਦਾ ਰਾਜ ਸਥਾਪਿਤ ਕਰਨਾ ਹੈ।
ਡਾ. ਅਵਤਾਰ ਸਿੰਘ ਕਰੀਮਪੁਰੀ (ਪ੍ਰਧਾਨ ਬਸਪਾ ਪੰਜਾਬ ਅਤੇ ਸਾਬਕਾ ਮੈਂਬਰ ਪਾਰਲੀਮੈਂਟ) ਨੇ ਸੂਬਾ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਪੰਜਾਬ ਅੱਜ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਪੰਜਾਬ ਸੰਭਾਲੋ ਮੁਹਿੰਮ ਸਿਰਫ਼ ਇੱਕ ਨਾਅਰਾ ਨਹੀਂ, ਸਗੋਂ ਸੂਬੇ ਦੀ ਤਕਦੀਰ ਬਦਲਣ ਦਾ ਇੱਕ ਅੰਦੋਲਨ ਹੈ। ਅਸੀਂ ਸੱਤਾ ਪ੍ਰਾਪਤ ਕਰਕੇ ਹੀ ਦਲਿਤਾਂ, ਪਿਛੜਿਆਂ ਅਤੇ ਗਰੀਬ ਕਿਸਾਨਾਂ ਦੇ ਹੱਕਾਂ ਦੀ ਰਾਖੀ ਕਰ ਸਕਦੇ ਹਾਂ।
ਰੈਲੀ ਦੇ ਮੁੱਖ ਮੁੱਦੇ :
ਰੈਲੀ ਦੌਰਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੇ ਪੰਜਾਬ ਸੰਭਾਲੋ ਮੁਹਿਮ ਦੇ ਮੁੱਖ ਨੁਕਤਿਆਂ 'ਤੇ ਰੌਸ਼ਨੀ ਪਾਈ:
ਸਿੱਖਿਆ ਅਤੇ ਸਿਹਤ: ਸਰਕਾਰੀ ਸੰਸਥਾਵਾਂ ਦਾ ਨਿਘਾਰ ਰੋਕਣਾ।
ਰੁਜ਼ਗਾਰ: ਨੌਜਵਾਨਾਂ ਨੂੰ ਪੰਜਾਬ ਵਿੱਚ ਹੀ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ।
ਸੰਵਿਧਾਨਕ ਹੱਕ: ਬਾਬਾ ਸਾਹਿਬ ਵੱਲੋਂ ਦਿੱਤੇ ਗਏ ਰਾਖਵੇਂਕਰਨ ਅਤੇ ਹੋਰ ਹੱਕਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣਾ।
ਅਮਨ-ਕਾਨੂੰਨ: ਸੂਬੇ ਵਿੱਚ ਵਧ ਰਹੀ ਅਸੁਰੱਖਿਆ ਦੀ ਭਾਵਨਾ ਨੂੰ ਖਤਮ ਕਰਨਾ।
ਸੱਤਾ ਤਬਦੀਲੀ :
ਰੈਲੀ ਨੂੰ ਸੰਬੋਧਨ ਕਰਦੇ ਹੋਏ ਡਾ. ਨਛੱਤਰ ਪਾਲ ਵਿਧਾਇਕ ਨੇ ਕਿਹਾ ਕਿ ਪੰਜਾਬ ਸੰਭਾਲੋ ਮਹਿਮ ਦਾ ਸੁਨੇਹਾ ਪੰਜਾਬੀਆਂ ਤੱਕ ਪਹੁੰਚ ਚੁੱਕਾ ਹੈ। ਪੰਜਾਬੀ ਹੁਣ ਇੱਕ ਮੌਕਾ ਬਸਪਾ ਨੂੰ ਦੇਣ ਦਾ ਮਨ ਬਣਾ ਚੁੱਕੇ ਹਨ। ਰੈਲੀ ਵਿੱਚ ਸਾਰਿਆਂ ਨੂੰ ਸੱਦਾ ਦਿੱਤਾ ਕਿ ਉਹ ਘਰ ਘਰ ਤੱਕ ਇਹ ਸੁਨੇਹਾ ਲੈ ਕੇ ਜਾਣ ਸੰਕਲਪ ਰੈਲੀ ਦੇ ਅਖੀਰ ਵਿੱਚ ਸਮੂਹ ਲੀਡਰਸ਼ਿਪ ਨੇ ਇੱਕਸੁਰ ਵਿੱਚ ਕਿਹਾ ਕਿ ਨਿਹਾਲ ਸਿੰਘ ਵਾਲਾ ਦੀ ਇਹ ਰੈਲੀ ਪੰਜਾਬ ਦੀ ਸਿਆਸਤ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗੀ। ਬਸਪਾ ਵਰਕਰ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸੂਬੇ ਦੀ ਮੌਜੂਦਾ ਦੁਰਦਸ਼ਾ ਬਾਰੇ ਜਾਗਰੂਕ ਕਰਨਗੇ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਬਹੁਜਨ ਸਮਾਜ ਦੀ ਮਜ਼ਬੂਤ ਹਿੱਸੇਦਾਰੀ ਯਕੀਨੀ ਬਣਾਉਣਗੇ ਰੈਲੀ ਨੂੰ ਸਟੇਟ ਜਨਰਲ ਸੈਕਟਰੀ ਸੰਤ ਰਾਮ ਮਲੀਆ, ਗੁਰਬਖਸ਼ ਚੌਹਾਨ, ਜਗਤਾਰ ਸਿੰਘ ਜ਼ਿਲ੍ਹਾ ਪ੍ਰਧਾਨ, ਅਵਤਾਰ ਕ੍ਰਿਸ਼ਨ ਕੇਬਲ ਸਿੰਘ ਸੈਦੋਕੇ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਅਤੇ ਹੋਰ ਲੀਡਰਸ਼ਿਪ ਨੇ ਵੀ ਸੰਬੋਧਨ ਕੀਤਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ