
ਗੁਰਦਾਸਪੁਰ, 10 ਅਪ੍ਰੈਲ (ਹਿੰ.ਸ.)| ਗੁਰਦਾਸਪੁਰ ਦੇ ਬੱਬਰੀ ਬਾਈਪਾਸ ‘ਤੇ ਬੁੱਧਵਾਰ ਨੂੰ ਹੋਏ ਭਿਆਨਕ ਸੜਕ ਹਾਦਸੇ ਵਿੱਚ ਜ਼ਖ਼ਮੀ ਇੱਕ ਨੌਜਵਾਨ ਦੀ ਵੀਰਵਾਰ ਦੇਰ ਰਾਤ ਇਲਾਜ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਹਰਦੀਪ ਕੁਮਾਰ (32) ਵਾਸੀ ਪਿੰਡ ਸਦਾ ਵਜੋਂ ਹੋਈ ਹੈ। ਹਾਦਸੇ ਵਿੱਚ ਉਸ ਦੀ ਪਤਨੀ ਅਤੇ ਦੋ ਧੀਆਂ ਵੀ ਗੰਭੀਰ ਜ਼ਖ਼ਮੀ ਹੋਈਆਂ ਹਨ, ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਹਰਦੀਪ ਕੁਮਾਰ ਆਪਣੀਆਂ ਦੋ ਧੀਆਂ ਅਤੇ ਪਤਨੀ ਨਾਲ ਗੁਰਦਾਸਪੁਰ ਬੱਸ ਅੱਡੇ ਤੋਂ ਧਾਰੀਵਾਲ ਨੇੜੇ ਆਪਣੇ ਸਾਲੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਰਸਤੇ ਵਿੱਚ ਬੱਬਰੀ ਬਾਈਪਾਸ ਨੇੜੇ ਉਹਨਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਸਬੰਧੀ ਥਾਣਾ ਸਦਰ ਪੁਲਿਸ ਨੇ ਬੱਸ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਬੁੱਧਵਾਰ ਦੇਰ ਸ਼ਾਮ ਗੁਰਦਾਸਪੁਰ ਤੋਂ ਅੰਮ੍ਰਿਤਸਰ ਜਾ ਰਹੀ ਇੱਕ ਪ੍ਰਾਈਵੇਟ ਬਸ ਬੱਬਰੀ ਬਾਈਪਾਸ ‘ਤੇ ਅਚਾਨਕ ਬੇਕਾਬੂ ਹੋ ਕੇ ਰੌਂਗ ਸਾਈਡ ‘ਤੇ ਚਲੀ ਗਈ ਅਤੇ ਇੱਕ ਕਾਰ ‘ਤੇ ਪਲਟ ਗਈ। ਬਸ ਵਿੱਚ ਕਰੀਬ 30 ਯਾਤਰੀ ਸਵਾਰ ਸਨ ਅਤੇ ਸਾਰੇ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਐਂਬੂਲੈਂਸਾਂ ਰਾਹੀਂ 25 ਜ਼ਖ਼ਮੀਆਂ ਨੂੰ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਅਤੇ 5 ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ 3 ਬੱਚਿਆਂ ਦੀ ਹਾਲਤ ਹਾਲੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਕਾਰ ਚਾਲਕ ਗੁਰਦੇਵ ਸਿੰਘ ਵਾਸੀ ਕੰਦਿਲਾ ਪਿੰਡ ਇਸ ਹਾਦਸੇ ਵਿੱਚ ਸੁਰੱਖਿਅਤ ਬਚ ਗਿਆ।
ਪਿੰਡ ਦੇ ਪੂਰਵ ਸਰਪੰਚ ਕਰਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਸੂਚਨਾ ਮਿਲਣ ‘ਤੇ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਹਰਦੀਪ ਕੁਮਾਰ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਹਰਦੀਪ ਦਾ ਪਰਿਵਾਰ ਬਹੁਤ ਹੀ ਗਰੀਬ ਹੈ ਅਤੇ ਉਸ ਦੀਆਂ ਦੋ ਛੋਟੀਆਂ ਧੀਆਂ ਤੇ ਪਤਨੀ ਹਸਪਤਾਲ ਵਿੱਚ ਜ਼ਿੰਦਗੀ ਲਈ ਸੰਘਰਸ਼ ਕਰ ਰਹੀਆਂ ਹਨ। ਡਾਕਟਰਾਂ ਵੱਲੋਂ ਉਨ੍ਹਾਂ ਨੂੰ ਵੱਡੇ ਹਸਪਤਾਲ ਵਿੱਚ ਰੈਫਰ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।
ਉਨ੍ਹਾਂ ਹੋਰ ਦੱਸਿਆ ਕਿ ਹਾਲ ਹੀ ਵਿੱਚ ਆਏ ਹੜ੍ਹ ਦੌਰਾਨ ਹਰਦੀਪ ਦਾ ਘਰ ਵੀ ਢਹਿ ਗਿਆ ਸੀ ਅਤੇ ਬਾਅਦ ਵਿੱਚ ਅਕਾਲ ਅਕੈਡਮੀ ਵੱਲੋਂ ਉਸਦਾ ਨਵਾਂ ਘਰ ਬਣਾਇਆ ਗਿਆ ਸੀ। ਪਰ ਅਫਸੋਸ ਦੀ ਗੱਲ ਹੈ ਕਿ ਹਰਦੀਪ ਨੂੰ ਉਸ ਘਰ ਵਿੱਚ ਰਹਿਣ ਦਾ ਮੌਕਾ ਵੀ ਨਹੀਂ ਮਿਲਿਆ। ਪਿੰਡ ਵਾਸੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਹਰਦੀਪ ਇਕ ਮਿਹਨਤੀ ਮਜ਼ਦੂਰ ਸੀ ਜੋ ਸ਼੍ਰੀਨਗਰ ਵਿੱਚ ਲੱਕੜੀ ਦਾ ਕੰਮ ਕਰਦਾ ਸੀ। ਡਾਕਟਰਾਂ ਨੇ ਉਸਨੂੰ ਵੈਂਟੀਲੇਟਰ ‘ਤੇ ਰੱਖਿਆ ਹੋਇਆ ਸੀ, ਪਰ ਜਿਵੇਂ ਹੀ ਵੈਂਟੀਲੇਟਰ ਤੋਂ ਹਟਾਇਆ ਗਿਆ, ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜ਼ਖ਼ਮੀ ਪਤਨੀ ਅਤੇ ਬੱਚੀਆਂ ਦਾ ਇਲਾਜ ਸਰਕਾਰੀ ਖਰਚੇ ‘ਤੇ ਕਰਵਾਇਆ ਜਾਵੇ ਅਤੇ ਪੀੜਤ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ।
ਹਿੰਦੂਸਥਾਨ ਸਮਾਚਾਰ / GURSHARAN SINGH