ਬਸਪਾ ਦੀ ‘ਪੰਜਾਬ ਸੰਭਾਲੋ ਮੁਹਿੰਮ’ ਪੰਜਾਬੀਆਂ ਦੇ ਸੁਨਹਿਰੀ ਭਵਿੱਖ ਦਾ ਨਿਰਮਾਣ ਕਰੇਗੀ : ਡਾ. ਕਰੀਮਪੁਰੀ
2027 ਚ ਬਸਪਾ ਦੀ ਸਰਕਾਰ ਬਣਾ ਕੇ ਇਤਿਹਾਸ ਸਿਰਜਾਂਗੇ : ਪ੍ਰਤਾਪ ਸਿੰਘ
ਸ਼ਰਧਾਂਜਲੀ ਦਿੰਦੇ ਹੋਏ ਬਸਪਾ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਅਤੇ ਹੋਰ ਆਗੂ।


ਰੈਲੀ ਦੌਰਾਨ ਬਸਪਾ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਅਤੇ ਹੋਰ ਆਗੂ।


ਫਿਰੋਜ਼ਪੁਰ, 11 ਅਪ੍ਰੈਲ (ਹਿੰ.ਸ.)। ਬਹੁਜਨ ਸਮਾਜ ਪਾਰਟੀ ਵੱਲੋਂ ਮਹਾਤਮਾ ਜੋਤੀਬਾ ਰਾਓ ਫੂਲੇ ਦੇ ਜਨਮ ਦਿਨ ਨੂੰ ਸਮਰਪਿਤ 'ਪੰਜਾਬ ਸੰਭਾਲੋ ਮੁਹਿੰਮ' ਤਹਿਤ ਅੱਜ ਫਿਰੋਜ਼ਪੁਰ ਵਿਖੇ ਇੱਕ ਵਿਸ਼ਾਲ ਸੱਤਾ ਪ੍ਰਾਪਤ ਕਰੋ ਰੈਲੀ ਕੀਤੀ ਗਈ। ਇਸ ਮੌਕੇ ਬਸਪਾ ਦੀ ਸੀਨੀਅਰ ਲੀਡਰਸ਼ਿਪ ਨੇ ਸੂਬੇ ਦੀ ਸਿਆਸੀ ਤਕਦੀਰ ਬਦਲਣ ਦਾ ਜ਼ੋਰਦਾਰ ਨਾਅਰਾ ਬੁਲੰਦ ਕੀਤਾ। ਰੈਲੀ ਦੀ ਸ਼ੁਰੂਆਤ ਕਰਦਿਆਂ ਬਸਪਾ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਨੇ ਵਿਰੋਧੀਆਂ 'ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਜੋਤੀਬਾ ਰਾਓ ਫੂਲੇ ਅਤੇ ਡਾਕਟਰ ਅੰਬੇਡਕਰ ਦੀ ਸੋਚ ਦੀ ਸਰਕਾਰ ਸਵ. ਕਾਂਸ਼ੀ ਰਾਮ ਜੀ ਦੇ ਅੰਦੋਲਨ ਤੋਂ ਪ੍ਰੇਰਨਾ ਲੈ ਕੇ ਭੈਣ ਕੁਮਾਰੀ ਮਾਇਆਵਤੀ ਦੀ ਦੇਖਰੇਖ ਹੇਠ ਸਥਾਪਿਤ ਕੀਤੀ ਜਾਵੇਗੀ। ਉਹਨਾਂ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਮਜਬੂਤ ਜਥੇਬੰਦਕ ਢਾਂਚੇ ਦੇ ਨਿਰਮਾਣ ’ਤੇ ਜ਼ੋਰ ਦਿੱਤਾ।

ਰੈਲੀ ਨੂੰ ਸੰਬੋਧਨ ਕਰਦਿਆਂ ਬਸਪਾ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਮਹਾਤਮਾ ਜੋਤੀਬਾ ਰਾਓ ਫੂਲੇ ਨੂੰ ਯਾਦ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਰਵਾਇਤੀ ਪਾਰਟੀਆਂ ਦੇ ਝੂਠੇ ਲਾਰਿਆਂ ਤੋਂ ਅੱਕ ਚੁੱਕੀ ਹੈ। ਅੱਜ ਫਿਰੋਜ਼ਪੁਰ ਦਾ ਇਹ ਇਕੱਠ ਗਵਾਹੀ ਭਰਦਾ ਹੈ ਕਿ 2027 ਵਿੱਚ ਬਸਪਾ ਦੀ ਸਰਕਾਰ ਬਣਨਾ ਤੈਅ ਹੈ। ਅਸੀਂ ਇਤਿਹਾਸ ਸਿਰਜਣ ਲਈ ਤਿਆਰ ਹਾਂ ਅਤੇ ਸਾਡਾ ਇੱਕੋ-ਇੱਕ ਨਿਸ਼ਾਨਾ ਚੰਡੀਗੜ੍ਹ ਦੇ ਕਿਲ੍ਹੇ 'ਤੇ ਨੀਲਾ ਝੰਡਾ ਲਹਿਰਾਉਣਾ ਹੈ।

ਡਾ. ਅਵਤਾਰ ਸਿੰਘ ਕਰੀਮਪੁਰੀ ਨੇ 'ਪੰਜਾਬ ਸੰਭਾਲੋ ਮੁਹਿੰਮ' ਸੱਤਾ ਪ੍ਰਾਪਤ ਕਰੋ ਰੈਲੀ ਨੂੰ ਸੰਬੋਧਨ ਕਰਦਿਆਂ ਮੌਜੂਦਾ ਹਾਲਾਤ 'ਤੇ ਗੰਭੀਰ ਚਿੰਤਾ ਪ੍ਰਗਟਾਈ। ਉਨ੍ਹਾਂ 'ਪੰਜਾਬ ਸੰਭਾਲੋ ਮੁਹਿੰਮ' ਦੇ ਮਕਸਦ ਨੂੰ ਵਿਸਥਾਰ ਵਿੱਚ ਸਾਂਝਾ ਕਰਦਿਆਂ ਕਿਹਾ ਕਿ ਪੰਜਾਬ ਅੱਜ ਇੱਕ ਅਜਿਹੇ ਮੋੜ 'ਤੇ ਖੜ੍ਹਾ ਹੈ ਜਿੱਥੇ ਇਸਦੀ ਹੋਂਦ ਨੂੰ ਬਚਾਉਣਾ ਲਾਜ਼ਮੀ ਹੋ ਗਿਆ ਹੈ। ਸਾਡੀ 'ਪੰਜਾਬ ਸੰਭਾਲੋ ਮੁਹਿੰਮ' ਸਿਰਫ਼ ਇੱਕ ਸਿਆਸੀ ਨਾਅਰਾ ਨਹੀਂ, ਸਗੋਂ ਪੰਜਾਬੀਆਂ ਦੇ ਸੁਨਹਿਰੀ ਭਵਿੱਖ ਦਾ ਰੋਡਮੈਪ ਹੈ। ਅੱਜ ਸੂਬੇ ਦੀ ਜਵਾਨੀ ਨਸ਼ਿਆਂ ਦੀ ਭੇਂਟ ਚੜ੍ਹ ਰਹੀ ਹੈ, ਕਿਸਾਨ ਕਰਜ਼ੇ ਹੇਠ ਦੱਬਿਆ ਹੋਇਆ ਹੈ ਅਤੇ ਮਜ਼ਦੂਰਾਂ ਦੇ ਹੱਕਾਂ 'ਤੇ ਡਾਕੇ ਮਾਰੇ ਜਾ ਰਹੇ ਹਨ।

ਵਿਧਾਇਕ ਅਤੇ ਜੋਨ ਇੰਚਾਰਜ ਡਾਕਟਰ ਨਛੱਤਰ ਪਾਲ ਨੇ ਵਰਕਰਾਂ ਨੂੰ ਕਿਹਾ ਬਹੁਜਨ ਸਮਾਜ ਪਾਰਟੀ ਦੀ ਇਹ ਲਹਿਰ ਹੁਣ ਰੁਕਣ ਵਾਲੀ ਨਹੀਂ ਹੈ। ਪੰਜਾਬ ਸੰਭਾਲੋ ਮੁਹਿੰਮ ਹੀ ਸੂਬੇ ਦੀ ਤਕਦੀਰ ਬਦਲੇਗੀ 2027 ਵਿੱਚ ਮਜ਼ਲੂਮਾਂ ਦੀ ਸਰਕਾਰ ਸਥਾਪਿਤ ਕਰਾਂਗੇ। ਰੈਲੀ ਵਿੱਚ ਬਸਪਾ ਆਗੂ ਲਾਲ ਸਿੰਘ ਸਲਹਾਨੀ, ਦੌਲਤ ਰਾਮ, ਮਾ. ਓਮ ਪ੍ਰਕਾਸ਼ ਸਰੋਏ, ਬਲਕਾਰ ਸਿੰਘ, ਗਿਆਨ ਚੰਦ, ਭਜਨ ਸਿੰਘ ਕੰਬੋਜ, ਇੰਦਰਜੀਤ ਸਿੰਘ ਫਾਜ਼ਿਲਕਾ, ਪਾਲ ਸਿੰਘ, ਕੁਲਦੀਪ ਸਿੰਘ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿੱਚ ਬਸਪਾ ਵਰਕਰ ਸਮਰਥਕ ਅਤੇ ਆਗੂ ਮੌਜੂਦ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande