
ਚੰਡੀਗੜ੍ਹ, 11 ਅਪ੍ਰੈਲ (ਹਿੰ.ਸ.)| ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਸੋਸ਼ਲ ਮੀਡੀਆ ‘ਤੇ ਇਕ ਹੈਰਾਨ ਕਰਨ ਵਾਲੀ ਵੀਡੀਓ ਸਾਂਝੀ ਕਰਦੇ ਹੋਏ ਦੇਸ਼ ‘ਚ ਵੱਧ ਰਹੇ ਨਕਲੀ ਦੁੱਧ ਅਤੇ ਡੇਅਰੀ ਉਤਪਾਦਾਂ ਦੇ ਮਾਫੀਆ ਦਾ ਪਰਦਾਫਾਸ਼ ਕੀਤਾ ਹੈ। ਚੰਨੀ ਨੇ ਦਾਅਵਾ ਕੀਤਾ ਕਿ ਬਾਜ਼ਾਰ ਵਿੱਚ ਮਿਲਣ ਵਾਲਾ ਕਰੀਬ 70% ਦੁੱਧ ਅਤੇ 80% ਪਨੀਰ ਨਕਲੀ ਹੈ, ਜੋ ਯੂਰੀਆ, ਡਿਟਰਜੈਂਟ ਅਤੇ ਹੋਰ ਹਾਨੀਕਾਰਕ ਰਸਾਇਣਾਂ ਨਾਲ ਤਿਆਰ ਕੀਤਾ ਜਾ ਰਿਹਾ ਹੈ।
ਚੰਨੀ ਨੇ ਆਪਣੀ ਵੀਡੀਓ ਵਿੱਚ ਮਿਕਸੀ ਵਿੱਚ ਯੂਰੀਆ ਅਤੇ ਪਾਣੀ ਮਿਲਾ ਕੇ ਨਕਲੀ ਦੁੱਧ ਤਿਆਰ ਕਰਕੇ ਦਿਖਾਇਆ। ਉਨ੍ਹਾਂ ਦੱਸਿਆ ਕਿ ਇਹ ਦੁੱਧ ਉਬਾਲਣ ‘ਤੇ ਵੀ ਅਸਲੀ ਦੁੱਧ ਵਰਗਾ ਹੀ ਲੱਗਦਾ ਹੈ। ਉਨ੍ਹਾਂ ਇਸਨੂੰ “ਇਰਾਦਤਨ ਕਤਲ” ਦੇ ਬਰਾਬਰ ਕਰਾਰ ਦਿੰਦਿਆਂ ਸਖ਼ਤ ਕਾਨੂੰਨ ਬਣਾਉਣ ਅਤੇ ਮੌਕੇ ‘ਤੇ ਹੀ ਦੁੱਧ ਦੀ ਟੈਸਟਿੰਗ ਲਾਜ਼ਮੀ ਕਰਨ ਦੀ ਮੰਗ ਕੀਤੀ।
ਸੰਸਦ ਮੈਂਬਰ ਚੰਨੀ ਮੁਤਾਬਕ, ਨਕਲੀ ਦੁੱਧ ‘ਚ ਕੱਪੜੇ ਧੋਣ ਵਾਲਾ ਸਾਬਣ (ਡਿਟਰਜੈਂਟ) ਤੱਕ ਮਿਲਾਇਆ ਜਾਂਦਾ ਹੈ ਤਾਂ ਜੋ ਉਸ ਵਿੱਚ ਝੱਗ ਅਤੇ ਫੈਟ ਅਸਲੀ ਵਰਗਾ ਲੱਗੇ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਮਾਪੇ ਆਪਣੇ ਬੱਚਿਆਂ ਨੂੰ ਤੰਦਰੁਸਤ ਬਣਾਉਣ ਦੀ ਸੋਚ ਨਾਲ ਇਹ ਦੁੱਧ ਪਿਲਾ ਰਹੇ ਹਨ, ਜਦਕਿ ਅਸਲ ਵਿੱਚ ਉਹ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਚੰਨੀ ਨੇ ਕਿਹਾ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਪਿੰਡਾਂ ਦਾ ਦੌਰਾ ਕਰਕੇ ਡੇਅਰੀ ਸੈਕਟਰ ਦੀ ਹਾਲਤ ਦਾ ਅਧਿਐਨ ਕਰ ਰਹੇ ਹਨ। ਉਨ੍ਹਾਂ ਦੇ ਅਨੁਸਾਰ, ਨਕਲੀ ਦੁੱਧ ਦੀ ਵੱਧ ਰਹੀ ਸਪਲਾਈ ਕਾਰਨ ਅਸਲੀ ਦੁੱਧ ਉਤਪਾਦਕਾਂ ਨੂੰ ਠੀਕ ਭਾਅ ਨਹੀਂ ਮਿਲ ਰਿਹਾ, ਜਿਸ ਨਾਲ ਲੋਕ ਪਸ਼ੂ ਪਾਲਣਾ ਛੱਡ ਰਹੇ ਹਨ ਅਤੇ ਪਿੰਡਾਂ ਦੀ ਅਰਥਵਿਵਸਥਾ ‘ਤੇ ਮਾੜਾ ਅਸਰ ਪੈ ਰਿਹਾ ਹੈ।
ਉਨ੍ਹਾਂ ਮੌਜੂਦਾ ਕਾਨੂੰਨਾਂ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਫੜੇ ਜਾਣ ‘ਤੇ ਸਿਰਫ਼ ਲਗਭਗ 12 ਹਜ਼ਾਰ ਰੁਪਏ ਦਾ ਜੁਰਮਾਨਾ ਹੁੰਦਾ ਹੈ, ਜੋ ਮਾਫੀਆ ਆਸਾਨੀ ਨਾਲ ਭਰ ਕੇ ਫਿਰ ਉਹੀ ਕੰਮ ਸ਼ੁਰੂ ਕਰ ਦਿੰਦੇ ਹਨ। ਇਸ ਲਈ ਉਨ੍ਹਾਂ ਨੇ ਸਖਤ ਸਜ਼ਾਵਾਂ ਦੀ ਮੰਗ ਕੀਤੀ ਹੈ।
ਪਸ਼ੂ ਪਾਲਨ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ ਚੰਨੀ ਨੇ ਕਿਹਾ ਕਿ ਉਹ ਜਲਦੀ ਇੱਕ ਵਿਸਥਾਰਤ ਰਿਪੋਰਟ ਤਿਆਰ ਕਰ ਰਹੇ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਹਰ ਦੁੱਧ ਬੂਥ ਅਤੇ ਡੇਅਰੀ ‘ਤੇ ਟੈਸਟਿੰਗ ਮਸ਼ੀਨ ਲਗਾਈ ਜਾਵੇ, ਜਿਸ ਨਾਲ ਕੇਵਲ 1 ਰੁਪਏ ਦੇ ਖਰਚ ‘ਤੇ ਗਾਹਕ ਖੁਦ ਦੁੱਧ ਦੀ ਜਾਂਚ ਕਰ ਸਕੇ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਨਕਲੀ ਦੁੱਧ ਦੀ ਸਪਲਾਈ ਰੁਕ ਜਾਵੇ, ਤਾਂ ਅਸਲੀ ਦੁੱਧ ਦੀ ਮੰਗ ਆਪਣੇ ਆਪ ਵਧੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH