
ਚੰਡੀਗੜ੍ਹ, 11 ਅਪ੍ਰੈਲ (ਹਿੰ.ਸ.)| ਪੰਜਾਬ ਸਰਕਾਰ ਵੱਲੋਂ 13 ਅਪ੍ਰੈਲ ਨੂੰ ਵਿਸਾਖੀ ਦੇ ਮੌਕੇ ‘ਤੇ ਬੁਲਾਏ ਜਾ ਰਹੇ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਅੱਜ ਇੱਕ ਮਹੱਤਵਪੂਰਨ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ। ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰੀ ਰਿਹਾਇਸ਼ ‘ਤੇ ਦੁਪਹਿਰ 3 ਵਜੇ ਹੋਵੇਗੀ, ਜਿਸ ‘ਚ ਕਈ ਅਹਿਮ ਮਸਲਿਆਂ ‘ਤੇ ਚਰਚਾ ਅਤੇ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ। ਇਸ ਮੀਟਿੰਗ ਦਾ ਸਭ ਤੋਂ ਵੱਡਾ ਏਜੰਡਾ 13 ਅਪ੍ਰੈਲ ਨੂੰ ਹੋਣ ਵਾਲੇ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਲਈ ਰਸਮੀ ਮਨਜ਼ੂਰੀ ਦੇਣਾ ਹੈ। ਵਿਸਾਖੀ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਨੂੰ ਦੇਖਦਿਆਂ, ਇਹ ਸੈਸ਼ਨ ਸਿਆਸੀ ਤੌਰ ‘ਤੇ ਵੀ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਸਰਕਾਰ ਵੱਲੋਂ ਇਸ ਸੈਸ਼ਨ ਵਿੱਚ ਸੂਬੇ ਨਾਲ ਜੁੜੇ ਕਈ ਸੰਵੇਦਨਸ਼ੀਲ ਅਤੇ ਲੋਕਹਿੱਤ ਦੇ ਮੁੱਦਿਆਂ ਨੂੰ ਉਠਾਉਣ ਦੀ ਯੋਜਨਾ ਬਣਾਈ ਗਈ ਹੈ। ਪੰਜਾਬ ਸਰਕਾਰ ਵੱਲੋਂ ਇਸ ਮੀਟਿੰਗ ਵਿੱਚ 13 ਅਪ੍ਰੈਲ ਨੂੰ ਬੇਅਦਬੀ ਰੋਕੂ ਕਾਨੂੰਨ ਲਿਆਉਣ ਸਬੰਧੀ ਕੁਝ ਅਹਿਮ ਪ੍ਰਵਾਨਗੀਆਂ ਦਿੱਤੀਆਂ ਜਾ ਸਕਦੀਆਂ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH