
ਹੁਸ਼ਿਆਰਪੁਰ, 11 ਅਪ੍ਰੈਲ (ਹਿੰ.ਸ.)। ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਗਤੀ ਦਿੰਦੇ ਹੋਏ ਘੰਟਾ ਘਰ ਚੌਕ ਤੋਂ ਸ੍ਰੀ ਹਨੂੰਮਾਨ ਮੰਦਰ ਅ਼ਤੇ ਸ੍ਰੀ ਹਨੂੰਮਾਨ ਮੰਦਰ ਤੋਂ ਗੁੜ ਮੰਡੀ ਤੱਕ 20.53 ਲੱਖ ਰੁਪਏ ਦੀ ਲਾਗਤ ਨਾਲ ਪੇਵਰ ਬਲਾਕ ਲਗਾਉਣ ਦੇ ਕੰਮ ਦਾ ਸ਼ੁਭ ਆਰੰਭ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਨੂੰ ਬਿਹਤਰ ਬਣਾਊਣਾ ਉਨ੍ਹਾਂ ਦੀ ਪਹਿਲ ਹੈ, ਤਾਂ ਜੋ ਆਮ ਜਨਤਾ ਨੂੰ ਬੇਹਤਰ ਆਵਾਜਾਈ ਦੀ ਸੁਵਿਧਾ ਮਿਲ ਸਕੇ।
ਵਿਧਾਇਕ ਜਿੰਪਾ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਕਾਰਜ ਨੂੰ ਨਿਰਧਾਰਤ ਸਮੇਂ ਅੰਦਰ ਪੂਰਾ ਕੀਤਾ ਜਾਵੇ ਅਤੇ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ। ਉਨ੍ਹਾਂ ਸਪੱਸ਼ਟ ਰੂਪ ਵਿਚ ਕਿਹਾ ਕਿ ਵਿਕਾਸ ਕੰਮਾਂ ਵਿਚ ਪਾਰਦਰਸ਼ਤਾ ਅਤੇ ਗੁਣਵੱਤਾ ਯਕੀਨੀ ਬਣਾਈ ਜਾਵੇ, ਤਾਂ ਜੋ ਜਨਤਾ ਨੂੰ ਲੰਬੇ ਸਮੇਂ ਤੱਕ ਇਨ੍ਹਾਂ ਸੁਵਿਧਾਵਾਂ ਦਾ ਲਾਭ ਮਿਲ ਸਕੇ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਵੱਖ-ਵੱਖ ਹਲਕਿਆਂ ਵਿਚ ਇਸ ਤਰ੍ਹਾਂ ਦੇ ਵਿਕਾਸ ਕਾਰਜ ਜਾਰੀ ਰਹਿਣਗੇ। ਇਸ ਪ੍ਰੋਜੈਕਟ ਨਾਲ ਸਥਾਨਿਕ ਨਿਵਾਸੀਆਂ ਅਤੇ ਵਪਾਰੀਆਂ ਨੂੰ ਕਾਫ਼ੀ ਰਾਹਤ ਮਿਲੇਗੀ ਅਤੇ ਹਲਕੇ ਦੀ ਸੁੰਦਰਤਾ ਵਿਚ ਵੀ ਵਾਧਾ ਹੋਵੇਗਾ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ ਤੋਂ ਇਲਾਵਾ ਹੰਸ ਰਾਜ ਵਾਲੀਆ, ਸੰਜੀਵ ਵਾਲੀਆ, ਜੋਗਿੰਦਰ ਪਾਲ, ਦਰਸ਼ਨ ਲਾਲ ਗੁਪਤਾ, ਸੁਰੇਸ਼ ਕੁਮਾਰ ਅਤੇ ਵੀਨਾ ਸ਼ਰਮਾ ਵੀ ਮੌਜੂਦ ਰਹੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ