
ਪਠਾਨਕੋਟ , 11 ਅਪ੍ਰੈਲ (ਹਿੰ.ਸ.)| ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਜੋੜਨ ਵਾਲੇ ਅਹਿਮ ਪਠਾਨਕੋਟ-ਭਰਮੌਰ ਨੈਸ਼ਨਲ ਹਾਈਵੇ ‘ਤੇ ਬੀਤੀ ਰਾਤ ਭਾਰੀ ਲੈਂਡਸਲਾਈਡ ਹੋਣ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਜਾਣਕਾਰੀ ਮੁਤਾਬਕ, ਭਰਮੌਰ ਖੇਤਰ ਦੇ ਬੱਤੀ ਹੱਟੀ ਨੇੜੇ ਰਾਤ ਕਰੀਬ 2 ਵਜੇ ਪਹਾੜ ਦਾ ਵੱਡਾ ਹਿੱਸਾ ਅਚਾਨਕ ਸੜਕ ‘ਤੇ ਆ ਡਿੱਗਿਆ, ਜਿਸ ਨਾਲ ਹਾਈਵੇ ਬੰਦ ਹੋ ਗਿਆ।
ਲੈਂਡਸਲਾਈਡ ਤੋਂ ਬਾਅਦ ਸੜਕ ਦੇ ਦੋਨੋਂ ਪਾਸਿਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਇਨ੍ਹਾਂ ਵਿੱਚ ਸਥਾਨਕ ਲੋਕਾਂ ਦੇ ਨਾਲ-ਨਾਲ ਵੱਡੀ ਗਿਣਤੀ ‘ਚ ਸੈਲਾਨੀ ਵੀ ਫਸੇ ਹੋਏ ਹਨ। ਸੜਕ ਬੰਦ ਹੋਣ ਤੋਂ ਸੱਤ ਘੰਟਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਹਾਲਾਤ ਆਮ ਨਹੀਂ ਹੋ ਸਕੇ।
ਸਥਿਤੀ ਇੰਨੀ ਗੰਭੀਰ ਬਣ ਗਈ ਕਿ ਕਈ ਲੋਕ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਮਲਬੇ ਉੱਤੇ ਚੜ੍ਹ ਕੇ ਸੜਕ ਪਾਰ ਕਰਨ ਲਈ ਮਜਬੂਰ ਹੋ ਰਹੇ ਹਨ। ਖ਼ਾਸ ਕਰਕੇ ਸਕੂਲੀ ਬੱਚਿਆਂ ਅਤੇ ਕੰਮਕਾਜੀ ਲੋਕਾਂ ਲਈ ਇਹ ਰਾਹ ਬਹੁਤ ਖਤਰਨਾਕ ਸਾਬਤ ਹੋ ਰਿਹਾ ਹੈ। ਦੂਜੇ ਪਾਸੇ ਕੁਝ ਲੋਕ ਠੰਡੀ ਦੇ ਬਾਵਜੂਦ ਰਾਵੀ ਨਦੀ ਵਿੱਚ ਉਤਰ ਕੇ ਦਰਿਆ ਪਾਰ ਕਰ ਰਹੇ ਹਨ, ਤਾਂ ਜੋ ਉਹ ਆਪਣੇ ਮੰਜ਼ਿਲ ਤੱਕ ਪਹੁੰਚ ਸਕਣ।
ਇਹ ਹਾਈਵੇ ਪੰਜਾਬ ਤੋਂ ਡਲਹੌਜ਼ੀ, ਖਜਿਆਰ ਅਤੇ ਧਰਮਸ਼ਾਲਾ ਵਰਗੇ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਨੂੰ ਜਾਣ ਲਈ ਇੱਕ ਮਹੱਤਵਪੂਰਨ ਰਾਹ ਹੈ। ਵੀਕਐਂਡ ਹੋਣ ਕਰਕੇ ਇੱਥੇ ਸੈਲਾਨੀਆਂ ਦੀ ਗਿਣਤੀ ਵੀ ਵੱਧ ਸੀ, ਜਿਸ ਕਾਰਨ ਹਜ਼ਾਰਾਂ ਯਾਤਰੀ ਇਸ ਸਮੇਂ ਫਸੇ ਹੋਏ ਹਨ ਅਤੇ ਸੜਕ ਖੁਲ੍ਹਣ ਦੀ ਉਡੀਕ ਕਰ ਰਹੇ ਹਨ।
ਹਾਲਾਂਕਿ, ਸਵੇਰੇ ਕਰੀਬ 8:30 ਵਜੇ ਤੱਕ ਵੀ ਮੌਕੇ ‘ਤੇ ਕੋਈ ਮਸ਼ੀਨਰੀ ਨਹੀਂ ਪਹੁੰਚ ਸਕੀ, ਜਿਸ ਨਾਲ ਸਥਾਨਕ ਲੋਕਾਂ ਵਿੱਚ ਪ੍ਰਸ਼ਾਸਨ ਅਤੇ ਲੋਕ ਨਿਰਮਾਣ ਵਿਭਾਗ (PWD) ਪ੍ਰਤੀ ਗੁੱਸਾ ਵੱਧ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਆਫ਼ਤ ਦੇ ਸਮੇਂ ਤੁਰੰਤ ਕਾਰਵਾਈ ਹੋਣੀ ਚਾਹੀਦੀ ਸੀ, ਪਰ ਦੇਰੀ ਕਾਰਨ ਉਨ੍ਹਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਵਾਸੀਆਂ ਅਤੇ ਯਾਤਰੀਆਂ ਨੇ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਮਲਬਾ ਹਟਾ ਕੇ ਸੜਕ ਨੂੰ ਬਹਾਲ ਕੀਤਾ ਜਾਵੇ, ਤਾਂ ਜੋ ਆਵਾਜਾਈ ਸੁਚਾਰੂ ਹੋ ਸਕੇ ਅਤੇ ਲੋਕ ਸੁਰੱਖਿਅਤ ਤਰੀਕੇ ਨਾਲ ਆਪਣੀ ਮੰਜ਼ਿਲ ਤੱਕ ਪਹੁੰਚ ਸਕਣ।
ਹਿੰਦੂਸਥਾਨ ਸਮਾਚਾਰ / GURSHARAN SINGH