
ਫਾਜ਼ਿਲਕਾ, 11 ਅਪ੍ਰੈਲ (ਹਿੰ.ਸ.)। ਆਯੂਸ਼ ਵਿਭਾਗ ਦੇ ਡਾਇਰੈਕਟਰ ਹਰਿੰਦਰ ਪਾਲ ਸਿੰਘ ਅਤੇ ਸਿਵਲ ਸਰਜਨ ਡਾ. ਕਵਿਤਾ ਸਿੰਘ ਦੇ ਨਿਰਦੇਸ਼ਾਂ ਅਤੇ ਡੀ.ਐਚ.ਓ ਰਾਜੀਵ ਜਿੰਦੀਆ ਦੀ ਅਗਵਾਈ ਹੇਠ ਡਾ. ਹੈਨੀਮਨ ਦੇ 271ਵੇਂ ਜਨਮ ਦਿਨ ਮੌਕੇ ਮੁਫਤ ਹੋਮਿਓਪੈਥਿਕ ਕੈਂਪ ਸ਼ਾਕਯ ਧਰਮਸ਼ਾਲਾ ਅਬੋਹਰ ਵਿਖੇ ਲਗਾਇਆ ਗਿਆ। ਇਹ ਕੈਂਪ ਸਿਵਲ ਹਸਪਤਾਲ ਦੇ ਹੋਮਿਓਪੈਥੀ ਵਿਭਾਗ ਅਤੇ ਸਰਕਾਰੀ ਹੋਮਿਓਪੈਥੀ ਡਿਸਪੈਂਸਰੀ ਨਵੀਂ ਆਬਾਦੀ ਵੱਲੋਂ ਸ਼ਾਕਯ ਮਹਾਸਭਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਐਸ.ਐਮ.ਓ ਡਾ. ਸੁਰੇਸ਼ ਕੰਬੋਜ਼ ਅਤੇ ਪ੍ਰਧਾਨ ਸੁਭਾਸ਼ ਸ਼ਾਕਯ ਵੱਲੋਂ ਦੀਪ ਰੋਸ਼ਨ ਕਰ ਕੇ ਕੀਤੀ ਗਈ। ਡਾਕਟਰ ਸੁਰੇਸ਼ ਕੰਬੋਜ ਨੇ ਦੱਸਿਆ ਕਿ ਹੋਮਿਓਪੈਥੀ ਬਹੁਤ ਪੁਰਾਣੀ ਅਤੇ ਪ੍ਰਭਾਵਸ਼ਾਲੀ ਮੈਡੀਸਨ ਪ੍ਰਣਾਲੀ ਹੈ ਅਤੇ ਲੋਕਾਂ ਦਾ ਰੁਝਾਨ ਇਸ ਵੱਲ ਬਣਿਆ ਹੋਇਆ ਹੈ। ਅੱਜ ਹੋਮਿਓਪੈਥੀ ਦੇ ਜਨਕ ਡਾਕਟਰ ਸੈਮੂਅਲ ਹੈਨੀਮਨ ਦੇ ਜਨਮ ਦਿਨ ਦੇ ਮੌਕੇ ਤੇ ਸਿਹਤ ਵਿਭਾਗ ਵੱਲੋਂ ਇਹ ਕੈਂਪ ਲੋਕਾਂ ਦੀ ਸਹੂਲਤ ਲਈ ਲਗਾਇਆ ਗਿਆ ਹੈ।
ਉਕਤ ਕੈਂਪ ਦੌਰਾਨ ਡਾ. ਪ੍ਰਦੀਪ ਕੁਮਾਰ ਐੱਚਐੱਮਓ ਤੇ ਡਾ. ਮੁਕੇਸ਼ ਸਿੰਘ ਐੱਚਐੱਮਓ ਵੱਲੋਂ ਮਰੀਜ਼ ਦੀ ਜਾਂਚ ਕੀਤੀ ਗਈ। ਉਹਨਾਂ ਕਿਹਾ ਕਿ ਹੋਮਿਓਪੈਥੀ ਵਿੱਚ ਲਗਭਗ ਸਾਰੀਆਂ ਹੀ ਬਿਮਾਰੀਆਂ ਦਾ ਇਲਾਜ ਮੌਜੂਦ ਹੈ। ਇਸ ਨਾਲ ਬੁਖਾਰ, ਸਾਹ ਦੀ ਬਿਮਾਰੀ, ਦਮਾ, ਸ਼ੂਗਰ, ਪੱਥਰੀ, ਗੁਪਤ ਰੋਗ, ਐਲਰਜੀ ਅਤੇ ਕ੍ਰੋਨਿਕ ਬਿਮਾਰੀਆਂ ਆਦਿ ਦਾ ਇਲਾਜ ਵੀ ਮੌਜੂਦ ਹੈ। ਹੋਮਿਓਪੈਥੀ ਬਿਮਾਰੀਆਂ ਨਾਲ ਲੜਨ ਦੀ ਅੰਦਰੂਨੀ ਤਾਕਤ ਨੂੰ ਵਧਾਉਂਦੀ ਹੈ ਅਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਸ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ।
ਇਸ ਮੌਕੇ ਸੁਨੀਲ ਕੁਮਾਰ ਡਿਸਪੈਂਸਰ ਅਤੇ ਸੁਖਵਿੰਦਰ ਸਿੰਘ ਡਿਸਪੈਂਸਰ ਨੇ ਦੱਸਿਆ ਕਿ ਕੈਂਪ ਤੋਂ ਲਗਭਗ 165 ਲੋਕਾਂ ਨੇ ਸੇਵਾਵਾਂ ਪ੍ਰਾਪਤ ਕੀਤੀਆਂ। ਐਸ.ਬੀ.ਐਲ ਕੰਪਨੀ ਵੱਲੋਂ ਵੀ ਦਵਾਈਆਂ ਉਪਲੱਬਧ ਕਰਵਾਈਆਂ ਗਈਆਂ। ਇਸ ਮੌਕੇ ਹੋਮਿਓਪੈਥਿਕ ਦਵਾਈਆਂ ਬਾਰੇ ਜਾਗਰੂਕ ਵੀ ਕੀਤਾ ਗਿਆ। ਇਸ ਮੌਕੇ ਸ਼ਾਕਯ ਮਹਾਸਭਾ ਵੱਲੋਂ ਐਸਐਮਓ ਡਾਕਟਰ ਸੁਰੇਸ਼ ਕੰਬੋਜ ਅਤੇ ਮੈਡੀਕਲ ਟੀਮ ਨੂੰ ਸਨਮਾਨ ਚਿੰਨ ਵੀ ਭੇਂਟ ਕੀਤਾ ਗਿਆ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਮਨਬੀਰ ਸਿੰਘ, ਰਾਜਪਾਲ ਸਿੰਘ, ਐਨਵੀਬੀਡੀਸੀਪੀ ਬ੍ਰਾਂਚ ਵੱਲੋਂ ਟਹਿਲ ਸਿੰਘ, ਭਾਰਤ ਸੇਠੀ, ਪਰਮਜੀਤ ਸਿੰਘ, ਅਖਿਲ ਭਾਰਤੀਅ ਸ਼ਾਕਯ ਮਹਾਸਭਾ ਤੋਂ ਡਾ. ਰਘੁਬੀਰ ਸ਼ਾਕਯ, ਰਾਜੇਸ਼ ਕੁਮਾਰ ਸ਼ਾਕਯ, ਸੁਭਾਸ਼ ਕੁਮਾਰ ਸ਼ਾਕਯ, ਪ੍ਰਦੀਪ ਕੁਮਾਰ, ਜਸਪਾਲ ਸ਼ਾਕਯ, ਆਸ਼ਾ ਵਰਕਰ ਅਤੇ ਲੋਕ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ