
ਸ੍ਰੀ ਕੀਰਤਪੁਰ ਸਾਹਿਬ , 12 ਅਪ੍ਰੈਲ (ਹਿੰ.ਸ.)| ਪਿੰਡ ਦੋਲੋਵਾਲ ਕਰੈਸ਼ਰਾਂ ਦੇ ਨਜ਼ਦੀਕ ਇੱਕ ਖੱਡ ਵਿਚੋਂ ਅੱਜ ਸਵੇਰੇ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ। ਪਿੰਡ ਵਾਸੀਆਂ ਵੱਲੋਂ ਲਾਸ਼ ਦੇਖਣ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ‘ਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਪ੍ਰਾਪਤ ਜਾਣਕਾਰੀ ਮੁਤਾਬਿਕ ਲਾਸ਼ ਪਾਣੀ ਵਿੱਚ ਮੂੰਹ ਦੇ ਭਾਰ ਡਿੱਗੀ ਹੋਈ ਸੀ ਅਤੇ ਪਹਿਲੀ ਨਜ਼ਰ ‘ਚ ਇਹ ਕਿਸੇ ਔਰਤ ਦੀ ਲੱਗ ਰਹੀ ਸੀ। ਮ੍ਰਿਤਕ ਨੇ ਜਾਮਣੀ ਰੰਗ ਦੀ ਟੀ-ਸ਼ਰਟ ਅਤੇ ਲੋਅਰ ਪਹਿਨੀ ਹੋਈ ਸੀ, ਜਦਕਿ ਸਿਰ ‘ਤੇ ਜੂੜਾ ਬੰਨਿਆ ਹੋਇਆ ਸੀ। ਬਾਅਦ ਵਿੱਚ ਫਰਾਂਸਿਕ ਟੀਮ ਦੀ ਮੌਜੂਦਗੀ ਵਿੱਚ ਜਦੋਂ ਲਾਸ਼ ਨੂੰ ਬਾਹਰ ਕੱਢਿਆ ਗਿਆ ਤਾਂ ਇਹ ਨੌਜਵਾਨ ਲੜਕੇ ਦੀ ਨਿਕਲੀ।
ਮੌਕੇ ਤੋਂ ਇੱਕ ਮੋਟਰਸਾਈਕਲ (ਹੀਰੋ ਡੀਲਕਸ) ਵੀ ਬਰਾਮਦ ਹੋਇਆ ਹੈੈ। ਇਹ ਵਾਹਨ ਸ੍ਰੀ ਅਨੰਦਪੁਰ ਸਾਹਿਬ ਰਜਿਸਟ੍ਰੇਸ਼ਨ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਇਹ ਕਿਸੇ ਔਰਤ ਦੇ ਨਾਮ ‘ਤੇ ਦਰਜ ਹੈ।
ਥਾਣਾ ਮੁਖੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਦਿਲਸ਼ੇਰ ਸਿੰਘ ਉਰਫ਼ ਸ਼ੈਰੀ ਵਜੋਂ ਹੋਈ ਹੈ, ਜੋ ਪਿੰਡ ਦਬੂੜ ਦਾ ਰਹਿਣ ਵਾਲਾ ਸੀ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ। ਪਹਿਲੀ ਨਜ਼ਰ ‘ਚ ਮਾਮਲਾ ਨਸ਼ੇ ਦੀ ਓਵਰਡੋਜ਼ ਨਾਲ ਜੁੜਿਆ ਹੋ ਸਕਦਾ ਹੈ, ਹਾਲਾਂਕਿ ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ।
ਪੁਲਿਸ ਵੱਲੋਂ ਨਜ਼ਦੀਕੀ ਇਲਾਕਿਆਂ ਦੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਿੰਡ ਵਾਸੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਜਗ੍ਹਾ ‘ਤੇ ਕਾਫੀ ਸਮੇਂ ਤੋਂ ਬਾਹਰੀ ਨੌਜਵਾਨਾਂ ਦੀ ਆਵਾਜਾਈ ਰਹੀ ਹੈ, ਜਿਸ ਕਾਰਨ ਉਹ ਖੇਤਾਂ ਜਾਂ ਪਸ਼ੂ ਚਰਾਉਣ ਜਾਣ ਤੋਂ ਵੀ ਘਬਰਾਉਂਦੇ ਹਨ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਸੱਚ ਸਾਹਮਣੇ ਲਿਆਂਦਾ ਜਾਵੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH