
ਬਟਾਲਾ, 12 ਅਪ੍ਰੈਲ (ਹਿੰ.ਸ.)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 16 ਅਪ੍ਰੈਲ ਦਿਨ ਵੀਰਵਾਰ ਨੂੰ ਦਾਣਾ ਮੰਡੀ ਬਟਾਲਾ ਵਿਖੇ ਪਹੁੰਚ ਰਹੇ ਹਨ। ਇਸ ਸਬੰਧ ਵਿਚ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਵਿਧਾਇਕ ਬਟਾਲਾ ਨੇ ਬਟਾਲਾ ਕਲੱਬ ਵਿਖੇ ਮੀਡੀਆ ਦੇ ਰੂ-ਬਰੂ ਹੁੰਦਿਆਂ ਰੈਲੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰੈਲੀ ਨੂੰ ਇਤਿਹਾਸਕ ਬਣਾਇਆ ਜਾਵੇਗਾ। ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਹਲਕੇ ਦੇ ਲੋਕਾਂ ਨੂੰ ਇਸ ਰੈਲੀ ਵਿਚ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ।
ਉਹਨਾਂ ਕਿਹਾ ਕਿ ਬਟਾਲਾ ਦੇ ਲੋਕ ਵੱਡੀ ਗਿਣਤੀ ਵਿਚ ਇਸ ਰੈਲੀ ਵਿਚ ਪਹੁੰਚਣ ਅਤੇ ਮੁੱਖ ਮੰਤਰੀ ਪੰਜਾਬ ਦੇ ਵਿਚਾਰ ਸੁਣਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਪਾਰਟੀ ਵਰਕਰ ਰੈਲੀ ਨੂੰ ਲੈ ਕੇ ਪੱਬਾਂ ਭਾਰ ਹੋ ਗਏ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ 16 ਅਪ੍ਰੈਲ ਨੂੰ ਦਾਣਾ ਮੰਡੀ ਵਿਖੇ ਪਹੁੰਚਣਗੇ ਜਿੱਥੇ ਉਹ ਇੱਕ ਵਿਸ਼ਾਲ ਅਤੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਨਗੇ।
ਉਹਨਾਂ ਨੇ ਸਮੂਹ ਪੰਚ, ਸਰਪੰਚ ਅਤੇ ਪਾਰਟੀ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿਚ ਰੈਲੀ ਵਿਚ ਸ਼ਾਮਲ ਹੋਵੋਂ ਤਾਂ ਜੋ ਇਸ ਰੈਲੀ ਨੂੰ ਇਤਿਹਾਸਕ ਬਣਾਇਆ ਜਾ ਸਕੇ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਯਸ਼ਪਾਲ ਚੌਹਾਨ, ਮਾਰਕੀਟ ਕਮੇਟੀ ਬਟਾਲਾ ਦੇ ਚੇਅਰਮੈਨ ਮਾਨਿਕ ਮਹਿਤਾ, ਸੀਨੀਅਰ ਆਗੂ ਬਲਬੀਰ ਸਿੰਘ ਬਿੱਟੂ, ਚੇਅਰਮੈਨ ਚਰਨਜੀਤ ਸਿੰਘ ਪਾਰੋਵਾਲ, ਨੌਜਵਾਨ ਆਪ ਆਗੂ ਅੰਮ੍ਰਿਤ ਕਲਸੀ, ਕੌਂਸਲਰ ਬਲਵਿੰਦਰ ਸਿੰਘ, ਤੋਂ ਇਲਾਵਾ ਵੱਡੀ ਗਿਣਤੀ ਵਿਚ ਆਪ ਆਗੂ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ