
ਚੰਡੀਗੜ੍ਹ, 12 ਅਪ੍ਰੈਲ (ਹਿੰ.ਸ.)| ਪੰਜਾਬ ਵਿੱਚ ਹਾਲ ਹੀ ਵਿੱਚ ਹੋਈ ਬੇਮੌਸਮੀ ਮੀਂਹ ਕਾਰਨ ਫਸਲਾਂ ਨੂੰ ਪਹੁੰਚੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰ ਸਰਕਾਰ ਦੀ 9 ਮੈਂਬਰੀ ਟੀਮ ਅੱਜ ਰਾਜ ਦਾ ਦੌਰਾ ਕਰੇਗੀ। ਇਹ ਟੀਮ ਕੇਂਦਰੀ ਉਪਭੋਗਤਾ ਮਾਮਲੇ ਅਤੇ ਖਾਦ ਮੰਤਰਾਲੇ ਦੇ ਡਿਪਟੀ ਡਾਇਰੈਕਟਰ ਪੀ ਕੇ ਸਿੰਘ ਦੀ ਅਗਵਾਈ ਹੇਠ ਕੰਮ ਕਰੇਗੀ।
ਟੀਮ ਵੱਲੋਂ ਐਫਸੀਆਈ ਅਤੇ ਰਾਜ ਸਰਕਾਰ ਦੇ ਅਧਿਕਾਰੀਆਂ ਨਾਲ ਮਿਲ ਕੇ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕੀਤਾ ਜਾਵੇਗਾ ਅਤੇ ਕਣਕ ਦੇ ਸੈਂਪਲ ਵੀ ਇਕੱਠੇ ਕੀਤੇ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਕੇਂਦਰ ਵੱਲੋਂ ਖਰੀਦ ਨਿਯਮਾਂ ਵਿੱਚ ਰਾਹਤ ਸਬੰਧੀ ਫੈਸਲਾ ਲਿਆ ਜਾ ਸਕਦਾ ਹੈ।
ਪੰਜਾਬ ਸਰਕਾਰ ਪਹਿਲਾਂ ਹੀ ਮੰਗ ਕਰ ਚੁੱਕੀ ਹੈ ਕਿ ਕਣਕ ਦੀ ਖਰੀਦ ਨਿਯਮਾਂ ਵਿੱਚ ਛੂਟ ਦਿੱਤੀ ਜਾਵੇ, ਤਾਂ ਜੋ ਕਿਸਾਨਾਂ ਦੀ ਫਸਲ ਐਮਐਸਪੀ 2,585 ਰੁਪਏ ਪ੍ਰਤੀ ਕਵਿੰਟਲ ਤੋਂ ਘੱਟ ‘ਤੇ ਨਾ ਵਿਕੇ।
ਮਿਲੀ ਜਾਣਕਾਰੀ ਅਨੁਸਾਰ ਰਾਜ ਵਿੱਚ ਲਗਭਗ 1.30 ਲੱਖ ਏਕੜ ਵਿੱਚ ਖੜੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਦਕਿ ਲੱਖਾਂ ਏਕੜ ਵਿੱਚ ਗੁਣਵੱਤਾ ਘਟਣ ਦਾ ਖਤਰਾ ਬਣ ਗਿਆ ਹੈ। ਮੰਡੀਆਂ ਵਿੱਚ ਆ ਰਹੀ ਕਣਕ ਵਿੱਚ ਨਮੀ 12 ਫੀਸਦੀ ਦੀ ਥਾਂ 15 ਫੀਸਦੀ ਤੱਕ ਦਰਜ ਕੀਤੀ ਜਾ ਰਹੀ ਹੈ ਅਤੇ ਕਰੀਬ 60 ਫੀਸਦੀ ਤੱਕ ਲਸਟਰ ਲਾਸ ਵੀ ਸਾਹਮਣੇ ਆ ਰਿਹਾ ਹੈ।
ਇਸ ਮਾਮਲੇ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਹੀ ਦਿੱਲੀ ਵਿੱਚ ਕੇਂਦਰੀ ਖਾਦ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕਰ ਚੁੱਕੇ ਹਨ ਅਤੇ ਖਰੀਦ ਨਿਯਮਾਂ ਵਿੱਚ ਢਿੱਲ ਦੇਣ ਦੀ ਮੰਗ ਕਰ ਚੁੱਕੇ ਹਨ। ਨਾਲ ਹੀ, ਰਾਜ ਸਰਕਾਰ ਵੱਲੋਂ ਖ਼ਾਸ ਗਿਰਦਾਵਰੀ ਵੀ ਕਰਵਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਰਾਜਸਥਾਨ ਨੂੰ ਪਹਿਲਾਂ ਹੀ ਬੇਮੌਸਮੀ ਬਾਰਿਸ਼ ਕਾਰਨ ਰਾਹਤ ਮਿਲ ਚੁੱਕੀ ਹੈ। ਉੱਥੇ ਕੇਂਦਰ ਸਰਕਾਰ ਵੱਲੋਂ ਕਣਕ ਦੀ ਖਰੀਦ ਲਈ ਮਾਪਦੰਡਾਂ ਵਿੱਚ ਵੱਡੀ ਛੂਟ ਦਿੱਤੀ ਗਈ ਹੈ, ਜਿਸ ਤਹਿਤ 50 ਫੀਸਦੀ ਤੱਕ ਲਸਟਰ ਲਾਸ ਅਤੇ 15 ਫੀਸਦੀ ਤੱਕ ਟੁੱਟੇ ਦਾਣਿਆਂ ਵਾਲੀ ਫਸਲ ਵੀ ਐਮਐਸਪੀ ‘ਤੇ ਖਰੀਦੀ ਜਾ ਰਹੀ ਹੈ। ਹੁਣ ਪੰਜਾਬ ਦੇ ਕਿਸਾਨਾਂ ਨੂੰ ਵੀ ਇਸੇ ਤਰ੍ਹਾਂ ਦੀ ਰਾਹਤ ਦੀ ਉਮੀਦ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH