
ਖੰਨਾ, 12 ਅਪ੍ਰੈਲ (ਹਿੰ.ਸ.)। ਮੱਧ ਪੂਰਬੀ ਖਿੱਤੇ ਵਿਚ ਚੱਲ ਰਹੇ ਸੰਘਰਸ਼ ਨੇ ਦੁਨੀਆ ਦੇ ਤਾਕਤਵਰ ਦੇਸ਼ਾਂ ਦੀ ਕੁਟਨੀਤੀ ਨੂੰ ਇਕ ਨਵੇਂ ਇਮਤਿਹਾਨ ਸਾਹਮਣੇ ਖੜ੍ਹਾ ਕਰ ਦਿੱਤਾ ਹੈ। ਇਸ ਗੰਭੀਰ ਸਮੇਂ ਦੌਰਾਨ ਭਾਰਤ ਦੀ ਭੂਮਿਕਾ ਅਤੇ ਉਸਦਾ ਰੁਖ ਦੇਸ਼ ਦੇ ਅੰਦਰ ਤੇ ਬਾਹਰ ਦੋਹਾਂ ਥਾਵਾਂ ’ਤੇ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਅੱਜ ਦੇਸ਼ ਦੀ ਬਹੁਤ ਗਿਣਤੀ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਵਿਦੇਸ਼ ਨੀਤੀ ਸਪਸ਼ਟਤਾ ਦੀ ਕਮੀ ਨਾਲ ਜੂਝ ਰਹੀ ਹੈ, ਜਿਸ ਕਾਰਨ ਵਿਸ਼ਵ ਪੱਧਰ ’ਤੇ ਦੇਸ਼ ਦੇ ਅਕਸ ’ਤੇ ਮਾਰੂ ਪ੍ਰਭਾਵ ਪੈ ਰਿਹਾ ਹੈ। ਇਹ ਚਿੰਤਾਜਨਕ ਪ੍ਰਗਟਾਵਾ ਆਲ ਇੰਡੀਆ ਕਾਂਗਰਸ ਕਮੇਟੀ ਕਿਸਾਨ ਵਿੰਗ ਦੇ ਜਨਰਲ ਸਕੱਤਰ ਅਤੇ ਹਿਮਾਚਲ ਪ੍ਰਦੇਸ਼ ਦੇ ਪ੍ਰਭਾਰੀ ਰਫ਼ੀਕ ਮੁਹੰਮਦ ਨੇ ਕੀਤਾ।
ਕਾਂਗਰਸ ਪਾਰਟੀ ਦੀ ਸਮਰਪਿਤ ਭਾਵਨਾ ਨਾਲ ਤਰਫਦਾਰੀ ਕਰਨ ਵਾਲੇ ਰਫ਼ੀਕ ਮੁਹੰਮਦ ਨੇ ਕਿਹਾ ਕਿ ਭਾਰਤ ਨੇ ਇਸ ਸੰਕਟ ਦੌਰਾਨ ਕੋਈ ਸਪੱਸ਼ਟ ਅਤੇ ਮਜ਼ਬੂਤ ਪੱਖ ਨਹੀਂ ਲਿਆ। ਉਨ੍ਹਾਂ ਕਿਹਾ ਕਿ ਭਾਰਤ ਇਕ ਪਾਸੇ ਪੱਛਮੀ ਦੇਸ਼ਾਂ ਨਾਲ ਆਪਣੇ ਸਬੰਧ ਮਜ਼ਬੂਤ ਕਰ ਰਿਹਾ ਹੈ, ਜਦਕਿ ਦੂਜੇ ਪਾਸੇ ਰਵਾਇਤੀ ਮਿੱਤਰ ਦੇਸ਼ਾਂ ਨਾਲ ਸੰਤੁਲਨ ਬਣਾਉਣ ਵਿਚ ਮੁਸ਼ਕਲਾਂ ਆ ਰਹੀਆਂ ਹਨ। ਇਸ ਦੋਹਰੇ ਰਵੱਈਏ ਨੂੰ ਆਮ ਜਨਤਾ ਅਸਪੱਸ਼ਟਤਾ ਵਜੋਂ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਨੀਤੀ ਨਾ ਤਾਂ ਦੇਸ਼ ਦੇ ਹਿਤਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰ ਰਹੀ ਹੈ ਅਤੇ ਨਾ ਹੀ ਵਿਸ਼ਵ ਪੱਧਰ ’ਤੇ ਭਾਰਤ ਦੀ ਪਛਾਣ ਨੂੰ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਇਜ਼ਰਾਈਲ ਦੀ ਬਜਾਏ ਈਰਾਨ ਵਰਗੇ ਮਜ਼ਬੂਤ ਦੇਸ਼ ਦੇ ਨਾਲ ਖੜ੍ਹਨਾ ਚਾਹੀਦਾ ਹੈ ਕਿਉਂਕਿ ਈਰਾਨ ਹਮੇਸ਼ਾ ਤੋਂ ਭਾਰਤ ਦੀ ਮਦਦ ਕਰਦਾ ਆ ਰਿਹਾ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਇਜ਼ਰਾਈਲ ਨੇ ਅੱਜ ਤੱਕ ਭਾਰਤ ਦੀ ਕੋਈ ਮਦਦ ਨਹੀਂ ਕੀਤੀ ਹੈ ਤੇ ਅੱਜ ਵੀ ਈਰਾਨ ਦੇ ਕੋਲ ਭਾਰਤ ਨੂੰ ਦੇਣ ਲਈ ਬਹੁਤ ਕੁਛ ਹੈ। ਇਸ ਸਮੇਂ ਭਾਰਤ ਨੂੰ ਸਾਥ ਦੇਣ ਵਾਲੇ ਦੇਸ਼ਾਂ ਨਾਲ ਆਪਣੇ ਸਬੰਧ ਮਜਬੂਤ ਕਰਨੇ ਚਾਹੀਏ ਹਨ।
ਰਫ਼ੀਕ ਮੁਹੰਮਦ ਦਾ ਕਹਿਣਾ ਹੈ ਕਿ ਇਸਨੂੰ ਭਾਰਤ ਦੀ ਪੁਰਾਣੀ ਗੈਰ-ਪੱਖਪਾਤੀ ਨੀਤੀ ਤੋਂ ਹਟਣ ਵਜੋਂ ਵੀ ਵੇਖਿਆ ਜਾ ਸਕਦਾ ਹੈ, ਜਿਸਨੇ ਕਦੇ ਦੇਸ਼ ਨੂੰ ਇਕ ਸੰਤੁਲਿਤ ਅਤੇ ਭਰੋਸੇਯੋਗ ਭੂਮਿਕਾ ਦਿੱਤੀ ਸੀ। ਇਸੇ ਸੰਦਰਤ ਵਿਚ ਰਫ਼ੀਕ ਮੁਹੰਮਦ ਵਲੋਂ ਵਿਰੋਧੀ ਧਿਰ ਦੇ ਨੇਤਾ ਦੀ ਸੋਚ ਨੂੰ ਇਕ ਵੱਖਰੇ ਬਦਲ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਹੁ ਗਿਣਤੀ ਸਮਰਥਕ ਮੰਨਦੇ ਹਨ ਕਿ ਰਾਹੁਲ ਗਾਂਧੀ ਦੀ ਨੀਤੀ ਵਧੇਰੇ ਸਪੱਸ਼ਟ ਹੈ, ਜੇ ਦੇਸ਼ ਦੇ ਅੰਦਰੂਨੀ ਅਤੇ ਬਾਹਰੀ (ਦੋਹਾਂ) ਮਸਲਿਆਂ ਨੂੰ ਇੱਕ ਸੰਤੁਲਿਤ ਢੰਗ ਨਾਲ ਹੱਲ ਕਰਨ ਦੀ ਸਮਰੱਥਾ ਰੱਖਦੀ ਹੈ।
ਰਫ਼ੀਕ ਮੁਹੰਮਦ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਰਾਹੁਲ ਗਾਂਧੀ ਵਰਗੇ ਅੰਕੜਾ-ਅਧਾਰਤ ਤੱਥ ਪੇਸ਼ ਕਰਨ ਵਾਲੇ ਨਿੱਡਰ ਬੁਲਾਰੇ ਇਸ ਚਰਚਾ ਨੂੰ ਹੋਰ ਗਹਿਰਾਈ ਦੇ ਰਹੇ ਹਨ। ਰਾਹੁਲ ਗਾਂਧੀ ਕੇਂਦਰ ਦੀ ਮੌਜੂਦਾ ਸਰਕਾਰ ਦੀਆਂ ਨੀਤੀਆਂ ਨੂੰ ਤੱਥਾਂ ਅਤੇ ਅੰਕੜਿਆਂ ਦੇ ਆਧਾਰ ’ਤੇ ਵਿਸ਼ਲੇਸ਼ਣ ਕਰਦੇ ਹੋਏ ਸਰਕਾਰ ਦੀ ਜਵਾਬਦੇਹੀ ਨੂੰ ਲੈ ਕੇ ਸਵਾਲ ਖੜ੍ਹੇ ਕਰ ਰਹੇ ਹਨ। ਰਫ਼ੀਕ ਮੁਹੰਮਦ ਨੇ ਇਸ ਗੰਭੀਰ ਸੰਕਟ ਦੌਰਾਨ ਇਕ ਹੋਰ ਚਿੰਤਾ ਵੀ ਸਾਹਮਣੇ ਲਿਆਂਦੀ ਹੈ ਕਿ ਭਾਰਤ ਨੂੰ ਆਪਣੀ ਖ਼ੁਦਮੁਖਤਿਆਰੀ ਨੂੰ ਕਾਇਮ ਰੱਖ ਪਾਏਗਾ? ਸੰਕਟ ਦੀ ਮੌਜੂਦਾ ਘੜੀ ਵਿਚ ਰਫ਼ੀਕ ਮੁਹੰਮਦ ਨੇ ਪ੍ਰਧਾਨ ਮੰਤਰੀ ਨੂੰ ਸੰਕਟ ਦੀ ਮੌਜੂਦਾ ਘੜੀ ਵਿਚ ਦੇਸ਼ ’ਚ ਪੈਦਾ ਹੋਈ ਐਲਪੀਜੀ ਦੀ ਕਮੀ ਨੂੰ ਤੁਰੰਤ ਦੂਰ ਕਰਨ ਅਪੀਲ ਕਰਦਿਆਂ ਕਿਹਾ ਕਿ ਇਸ ਕਮੀ ਦੇ ਕਾਰਨ ਦੇਸ਼ ਦੀ ਜਨਤਾ ਨੂੰ ਬਹੁਤ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਇਸ ਸਮੱਸਿਆ ਨੂੰ ਤੁਰੰਤ ਖਤਮ ਕਰਕੇ ਦੇਸ਼ ਦੀ ਜਨਤਾ ਨੂੰ ਰਾਹਤ ਦਿੱਤੀ ਜਾਵੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ