
ਫਤਿਹਗੜ੍ਹ ਸਾਹਿਬ , 12 ਅਪ੍ਰੈਲ (ਹਿੰ.ਸ.)| ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖਮਾਣੋ ਇਲਾਕੇ ‘ਚ ਪੁਲਿਸ ਅਤੇ ਇੱਕ ਬਦਮਾਸ਼ ਵਿਚਕਾਰ ਮੁਠਭੇੜ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਲੁਧਿਆਣਾ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਪਿੰਡ ਰਾਣਵਾਂ ਨੇੜੇ ਵਾਪਰੀ, ਜਿੱਥੇ ਪੁਲਿਸ ਨੇ ਜਵਾਬੀ ਕਾਰਵਾਈ ਦੌਰਾਨ ਮੁਲਜ਼ਮ ਨੂੰ ਜ਼ਖਮੀ ਕਰਕੇ ਕਾਬੂ ਕਰ ਲਿਆ।
ਮੌਕੇ ‘ਤੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਵੀ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਐਸਐਸਪੀ ਨੇ ਦੱਸਿਆ ਕਿ 17 ਜਨਵਰੀ ਨੂੰ ਖਮਾਣੋ ਵਿੱਚ ਇੱਕ ਕੱਪੜਾ ਵਪਾਰੀ ਦੇ ਘਰ ਫਾਇਰਿੰਗ ਦੀ ਘਟਨਾ ਹੋਈ ਸੀ, ਜਿਸ ਦਾ ਮਕਸਦ ਡਰਾਉਣਾ ਸੀ। ਇਸ ਮਾਮਲੇ ‘ਚ ਪੁਲਿਸ ਪਹਿਲਾਂ ਹੀ ਤਰਨਵੀਰ ਸਿੰਘ ਨੂੰ ਗ੍ਰਿਫਤਾਰ ਕਰ ਚੁੱਕੀ ਸੀ ਅਤੇ ਰਿਮਾਂਡ ਦੌਰਾਨ ਉਸ ਤੋਂ ਹਥਿਆਰ ਬਰਾਮਦ ਕਰਨ ਲਈ ਪਿੰਡ ਰਾਣਵਾਂ ਨੇੜੇ ਲੈ ਕੇ ਜਾਇਆ ਗਿਆ ਸੀ।
ਇਸ ਦੌਰਾਨ ਮੁਲਜ਼ਮ ਨੇ ਲੁਕਾਇਆ ਹੋਇਆ ਹਥਿਆਰ ਕੱਢ ਕੇ ਖਮਾਣੋ ਦੇ ਐਸਐਚਓ ਸੁਰੇਸ਼ ਕੁਮਾਰ ‘ਤੇ ਗੋਲੀ ਚਲਾ ਦਿੱਤੀ। ਪੁਲਿਸ ਨੇ ਤੁਰੰਤ ਜਵਾਬੀ ਫਾਇਰਿੰਗ ਕੀਤੀ, ਜਿਸ ਵਿੱਚ ਮੁਲਜ਼ਮ ਤਰਨਵੀਰ ਸਿੰਘ ਜ਼ਖਮੀ ਹੋ ਗਿਆ ਅਤੇ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ। ਇਸ ਮੁਠਭੇੜ ਦੌਰਾਨ ਇੱਕ ਸੀਨੀਅਰ ਕਾਂਸਟੇਬਲ ਵੀ ਜ਼ਖਮੀ ਹੋਇਆ ਹੈ।
ਜ਼ਖਮੀ ਮੁਲਜ਼ਮ ਨੂੰ ਇਲਾਜ ਲਈ ਸਿਵਲ ਹਸਪਤਾਲ ਖਮਾਣੋ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਅਨੁਸਾਰ ਮੁਲਜ਼ਮ ਇੱਕ ਸ਼ੂਟਰ ਹੈ ਅਤੇ ਇਸ ਨੇ ਧੂਰੀ ਇਲਾਕੇ ਵਿੱਚ ਵੀ ਫਾਇਰਿੰਗ ਦੀ ਵਾਰਦਾਤ ਕੀਤੀ ਹੋ ਸਕਦੀ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਖੁਲਾਸਿਆਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH