
ਜਲੰਧਰ, 12 ਅਪ੍ਰੈਲ (ਹਿੰ.ਸ.)| ਜਲੰਧਰ ਦਿਹਾਤੀ ਪੁਲਿਸ ਵੱਲੋਂ ਘਰ ‘ਚ ਕੀਤੀ ਗਈ ਰੇਡ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਵਾਦਾਂ ‘ਚ ਘਿਰ ਗਈ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਤੁਰੰਤ ਕਾਰਵਾਈ ਕਰਦੇ ਹੋਏ ਐਸਐਚਓ ਸਮੇਤ ਤਿੰਨ ਪੁਲਿਸ ਕਰਮਚਾਰੀਆਂ ਨੂੰ ਲਾਈਨ ਹਾਜ਼ਿਰ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ, 9 ਅਪ੍ਰੈਲ ਨੂੰ ਥਾਣਾ ਸ਼ਾਹਕੋਟ ਵਿੱਚ ਦਰਜ ਐਫਆਈਆਰ ਨੰਬਰ-90 ਤਹਿਤ ਦਾਅਵਾ ਕੀਤਾ ਗਿਆ ਸੀ ਕਿ ਪਿੰਡ ਦੌਲਤਪੁਰ ਢੱਡਾ ਦੇ ਰਹਿਣ ਵਾਲੇ ਅਕਰਮ ਦੇ ਘਰ ਰੇਡ ਕਰਕੇ 35 ਲੀਟਰ ਲਾਹਨ ਬਰਾਮਦ ਕੀਤੀ ਗਈ। ਪਰ ਇਸ ਮਾਮਲੇ ਨਾਲ ਸੰਬੰਧਿਤ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੀ ਕਾਰਵਾਈ ‘ਤੇ ਸਵਾਲ ਖੜੇ ਹੋ ਗਏ।
ਵਾਇਰਲ ਵੀਡੀਓ ਵਿੱਚ ਦਿਖਾਇਆ ਗਿਆ ਕਿ ਪੁਲਿਸ ਟੀਮ ਗੱਡੀ ਵਿੱਚੋਂ ਡਰਮ ਲੈ ਕੇ ਘਰ ਅੰਦਰ ਜਾਂਦੀ ਹੈ ਅਤੇ ਕੁਝ ਸਮੇਂ ਬਾਅਦ ਉਹੀ ਡਰਮ ਬਾਹਰ ਲੈ ਕੇ ਆਉਂਦੀ ਹੈ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਗਈ, ਜਿਸ ‘ਚ ਸਾਹਮਣੇ ਆਇਆ ਕਿ ਰਿਕਵਰੀ ਲਈ ਵਰਤਿਆ ਗਿਆ ਡਰਮ ਪੁਲਿਸ ਵੱਲੋਂ ਹੀ ਲਿਆਂਦਾ ਗਿਆ ਸੀ।
ਇਸ ਮਾਮਲੇ ‘ਚ ਥਾਣਾ ਸ਼ਾਹਕੋਟ ਦੇ ਐਸਐਚਓ ਬਲਵਿੰਦਰ ਸਿੰਘ, ਏਐਸਆਈ ਸੁਖਵਿੰਦਰ ਸਿੰਘ ਅਤੇ ਮਹਿਲਾ ਕਾਂਸਟੇਬਲ ਹੈਵਨਪ੍ਰੀਤ ਕੌਰ ਨੂੰ ਲਾਈਨ ਹਾਜ਼ਿਰ ਕਰ ਦਿੱਤਾ ਗਿਆ ਹੈ। ਨਾਲ ਹੀ, ਐੱਸਪੀ ਵਿਨੀਤ ਨੂੰ ਮਾਮਲੇ ਦੀ ਵਧੀਕ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਪੁਲਿਸ ਅਨੁਸਾਰ, ਮੁਲਜ਼ਮ ਅਕਰਮ ਦਾ ਕ੍ਰਿਮਿਨਲ ਬੈਕਗ੍ਰਾਊਂਡ ਵੀ ਸਾਹਮਣੇ ਆਇਆ ਹੈ। ਸੀਸੀਟੀਵੀ ਫੁਟੇਜ ਵਿੱਚ ਕੁੱਲ 7 ਪੁਲਿਸ ਕਰਮਚਾਰੀ ਨਜ਼ਰ ਆ ਰਹੇ ਹਨ ਅਤੇ ਸਿਰਫ 13 ਮਿੰਟਾਂ ਵਿੱਚ ਰਿਕਵਰੀ ਦਿਖਾ ਕੇ ਡਰਮ ਸੀਲ ਕਰਕੇ ਲਿਜਾਇਆ ਗਿਆ। ਐਫਆਈਆਰ ਅਨੁਸਾਰ, ਐਕਸਾਈਜ਼ ਸਟਾਫ ਦੇ ਏਐਸਆਈ ਵੱਲੋਂ ਮਿਲੀ ਸੂਚਨਾ ‘ਤੇ ਰੇਡ ਕੀਤੀ ਗਈ ਸੀ ਅਤੇ 35 ਲੀਟਰ ਲਾਹਨ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ। ਮਾਮਲੇ ‘ਚ ਮੁਲਜ਼ਮ ਖ਼ਿਲਾਫ਼ ਆਬਕਾਰੀ ਕਾਨੂੰਨ ਦੀ ਧਾਰਾ-61 ਤਹਿਤ ਕੇਸ ਦਰਜ ਕੀਤਾ ਗਿਆ ਹੈ। ਐੱਸਐੱਸਪੀ ਨੇ ਕਿਹਾ ਹੈ ਕਿ ਜਾਂਚ ਦੌਰਾਨ ਜੇ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH