ਸਿਵਲ ਸਰਜਨ ਹੁਸ਼ਿਆਰਪੁਰ ਨੇ ਕੀਤੀ ਆਮ ਆਦਮੀ ਕਲੀਨਿਕਾਂ ਦੀ ਚੈਕਿੰਗ
ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਦਿੱਤਾ ਜਾਵੇ ਪੂਰਾ ਸਿਹਤ ਲਾਭ: ਡਾ ਮਨਦੀਪ ਕਮਲ
ਆਮ ਆਦਮੀ ਕਲੀਨਿਕਾਂ ਦੀ ਚੈਕਿੰਗ ਦੌਰਾਨ ਸਿਵਲ ਸਰਜਨ ਹੁਸ਼ਿਆਰਪੁਰ।


ਚੰਡੀਗੜ੍ਹ, 13 ਅਪ੍ਰੈਲ (ਹਿੰ.ਸ.)|

ਹੁਸ਼ਿਆਰਪੁਰ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਨੇ ਆਮ ਆਦਮੀ ਕਲੀਨਿਕ ਅਜਨੋਹਾ ਅਤੇ ਆਮ ਆਦਮੀ ਕਲੀਨਿਕ ਫੁਗਲਾਨਾ ਦੀ ਅਚਨਚੇਤ ਚੈਕਿੰਗ ਕੀਤੀ, ਇਸ ਚੈਕਿੰਗ ਦੌਰਾਨ ਸਮੂਹ ਸਟਾਫ ਡਿਊਟੀ ’ਤੇ ਹਾਜ਼ਰ ਪਾਇਆ ਗਿਆ ਅਤੇ ਨਿਰਧਾਰਿਤ ਦਵਾਈਆਂ ਦਾ ਸਟਾਕ ਵੀ ਲੋੜੀਂਦੀ ਮਾਤਰਾ ਵਿੱਚ ਉਪਲੱਬਧ ਪਾਇਆ ਗਿਆ।

ਇਸ ਮੌਕੇ ਤੇ ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਸਟਾਫ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਲੀਨਿਕ ਵਿੱਚ ਇਲਾਜ ਕਰਾਉਣ ਲਈ ਆਏ ਮਰੀਜ਼ਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਦਿੱਤਾ ਜਾਵੇ ਅਤੇ ਜਚਾ ਬੱਚਾ ਸਿਹਤ ਸਹੂਲਤਾਂ ਵੱਲ ਵਿਸ਼ੇਸ਼ ਤਵੱਜੋ ਦਿੰਦਿਆਂ ਗਰਭਵਤੀਆਂ ਦੀ ਪਹਿਲਾਂ ਰਜਿਸਟਰੇਸਨ ਕਰਨੀ ਯਕੀਨੀ ਬਣਾਈ ਜਾਵੇ।ਰਜਿਸਟਰੇਸਨ ਦੌਰਾਨ ਹਾਈ ਰਿਸਕ ਕੇਸਾਂ ਦੀ ਲਿਸਟ ਬਣਾ ਕੇ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ।

ਉਨ੍ਹਾਂ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਇਲਾਜ ਕਰਾਉਣ ਲਈ ਆਏ ਸਾਰੇ ਮਰੀਜ਼ਾਂ ਦਾ ਡਾਟਾ ਆਨਲਾਈਨ ਕਰਨ ਤਾਂ ਕਿ ਵਿਭਾਗ ਨੂੰ ਸਿਹਤ ਸਕੀਮਾਂ ਬਣਾਉਣ ਸਬੰਧੀ ਅੰਕੜੇ ਉਪਲੱਬਧ ਹੋ ਸਕਣ, ਅਜਿਹਾ ਕਰਨ ਨਾਲ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਹੋਣ ਨਾਲ ਉਨ੍ਹਾਂ ਦਾ ਇਲਾਜ ਸੌਖਾ ਅਤੇ ਜਲਦੀ ਹੋ ਜਾਂਦਾ ਹੈ ਅਤੇ ਲੋਕਾਂ ਨੂੰ ਜਿਆਦਾ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਉਨ੍ਹਾਂ ਸਿਹਤ ਸੈਂਟਰ ਦੀ ਸਾਫ ਸਫਾਈ ਵੱਲ ਵਿਸ਼ੇਸ਼ ਤਵੱਜੋਂ ਦੇਣ ਲਈ ਕਿਹਾ ।

ਉਨ੍ਹਾਂ ਵੈਕਸੀਨ ਦੇ ਕੋਲਡ ਚੇਨ ਪੁਆਇੰਟ ਦਾ ਮੁਆਇਨਾ ਵੀ ਕੀਤਾ। ਉਹਨਾਂ ਬਾਇਓ ਮੈਡੀਕਲ ਵੇਸਟ ਮੈਨੇਜਮੈਂਟ ਸਬੰਧੀ ਹਦਾਇਤ ਕਰਦਿਆਂ ਕਿਹਾ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੀ ਇਸਦਾ ਨਿਪਟਾਰਾ ਕੀਤਾ ਜਾਵੇ। ਸਿਵਲ ਸਰਜਨ ਨੇ

ਕਲੀਨਿਕ ਵਿਚ ਚੈੱਕਅੱਪ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਵੀ ਕੀਤੀ। ਮਰੀਜ਼ਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਡਾਕਟਰ ਵੱਲੋਂ ਤਜ਼ਵੀਜ਼ ਕੀਤੀ ਦਵਾਈ ਕਲੀਨਿਕ ਵਿੱਚੋਂ ਹੀ ਮਿਲ ਜਾਂਦੀ ਹੈ ਤੇ ਸਾਰੇ ਟੈਸਟ ਵੀ ਇੱਥੇ ਹੋ ਜਾਂਦੇ ਹਨ। ਮਰੀਜ਼ਾਂ ਵੱਲੋਂ ਕਲੀਨਿਕ ਵਿਚ ਮਿਲ ਰਹੀਆਂ ਸਹੂਲਤਾਂ ਪ੍ਰਤੀ ਆਪਣੀ ਤਸੱਲੀ ਪ੍ਰਗਟ ਕੀਤੀ ਗਈ। ਸਿਵਲ ਸਰਜਨ ਮਨਦੀਪ ਕਮਲ ਨੇ ਕਲੀਨਿਕ ਵਿਚ ਦਵਾਈਆਂ ਦੇ ਸਟਾਕ ਦੀ ਚੈਕਿੰਗ ਵੀ ਕੀਤੀ ਗਈ ਅਤੇ ਸਟਾਫ ਨੂੰ ਹਦਾਇਤ ਕੀਤੀ ਕਿ ਦਵਾਈਆਂ ਦੇ ਖਤਮ ਹੋਣ ਤੋਂ ਪਹਿਲਾਂ ਇਸ ਦੀ ਮੰਗ ਸਮੇਂ ਤੇ ਸਿਵਲ ਸਰਜਨ ਦਫਤਰ ਨੂੰ ਭੇਜੀ ਜਾਵੇ ਤਾਂ ਜੋ ਇਹ ਦਵਾਈਆਂ ਸਮਾਂ ਰਹਿੰਦੇ ਪ੍ਰਰਾਪਤ ਕੀਤੀਆਂ ਜਾ ਸਕਣ ਅਤੇ ਆਮ ਜਨਤਾ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਮੌਕੇ ਤੇ ਸਿਹਤ ਸੈਂਟਰ ਦਾ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande