ਪੰਜਾਬ ਤੇ ਚੰਡੀਗੜ੍ਹ ਵਿੱਚ 16-17 ਅਪ੍ਰੈਲ ਨੂੰ ਮੀਂਹ ਪੈਣ ਦੀ ਸੰਭਾਵਨਾ
ਅਗਲੇ ਤਿੰਨ ਦਿਨ ਤੇਜ਼ ਹਵਾਵਾਂ ਚੱਲਣਗੀਆਂ, ਤਾਪਮਾਨ ਵਿੱਚ 4 ਤੋਂ 6 ਡਿਗਰੀ ਤੱਕ ਵਾਧੇ ਦੇ ਅਸਾਰ
ਮੋਸਮ ਦੀ ਫੋਟੋ।


ਚੰਡੀਗੜ੍ਹ, 13 ਅਪ੍ਰੈਲ (ਹਿੰ.ਸ.)| ਪੰਜਾਬ ਅਤੇ ਚੰਡੀਗੜ੍ਹ ਵਿੱਚ ਦਿਨ ਦੌਰਾਨ ਤੇਜ਼ ਧੁੱਪ ਨਿਕਲਣ ਨਾਲ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਪਿਛਲੇ ਇੱਕ ਦਿਨ ਵਿੱਚ ਤਾਪਮਾਨ ਵਿੱਚ 0.4 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਹਾਲਾਂਕਿ ਇਹ ਤਾਪਮਾਨ ਅਜੇ ਵੀ ਆਮ ਤੋਂ 2.8 ਡਿਗਰੀ ਘੱਟ ਦਰਜ ਕੀਤਾ ਜਾ ਰਿਹਾ ਹੈ। ਮੌਸਮ ਵਿਭਾਗ ਦੇ ਅਨੁਸਾਰ ਅੱਜ ਮੌਸਮ ਸੁੱਕਾ ਰਹੇਗਾ, ਪਰ 16 ਅਤੇ 17 ਅਪ੍ਰੈਲ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਬਣ ਰਹੀ ਹੈ। ਇਸਦੇ ਨਾਲ ਹੀ ਅਗਲੇ ਤਿੰਨ ਦਿਨਾਂ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਸਤਹੀ ਹਵਾਵਾਂ ਵੀ ਚੱਲ ਸਕਦੀਆਂ ਹਨ। ਹਾਲਾਂਕਿ ਕਿਸੇ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ।

ਰਾਜ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 35.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸਦੇ ਨਾਲ ਹੀ ਅਪ੍ਰੈਲ ਮਹੀਨੇ ਵਿੱਚ ਹੁਣ ਤੱਕ ਆਮ ਨਾਲੋਂ 4.9 ਮਿਲੀਮੀਟਰ ਵੱਧ ਬਾਰਿਸ਼ ਦਰਜ ਕੀਤੀ ਗਈ ਹੈ, ਜੋ ਮੌਸਮੀ ਤਬਦੀਲੀਆਂ ਵੱਲ ਇਸ਼ਾਰਾ ਕਰਦੀ ਹੈ।

ਉੱਤਰ-ਪੱਛਮੀ ਭਾਰਤ ਦੇ ਉੱਪਰ ਕਰੀਬ 12.6 ਕਿਲੋਮੀਟਰ ਦੀ ਉਚਾਈ ‘ਤੇ ਲਗਭਗ 110 ਨਾਟ (ਕਰੀਬ 200 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਚੱਲ ਰਹੀ ਸਬਟ੍ਰਾਪਿਕਲ ਵੈਸਟਰਲੀ ਜੈੱਟ ਸਟ੍ਰੀਮ ਸਰਗਰਮ ਹੈ। ਇਸਦੇ ਨਾਲ ਹੀ 15 ਅਪ੍ਰੈਲ ਤੋਂ ਇੱਕ ਨਵਾਂ ਪਰ ਕਮਜ਼ੋਰ ਵੈਸਟਰਨ ਡਿਸਟਰਬੈਂਸ ਪੱਛਮੀ ਹਿਮਾਲਿਆਈ ਖੇਤਰ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਦੇ ਪ੍ਰਭਾਵ ਨਾਲ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਹਲਕੀ ਬਾਰਿਸ਼ ਜਾਂ ਬਰਫਬਾਰੀ ਹੋ ਸਕਦੀ ਹੈ, ਜਦਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਆਂਸ਼ਿਕ ਬੱਦਲ ਛਾਏ ਰਹਿਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਪੰਜਾਬ ਵਿੱਚ 1 ਅਪ੍ਰੈਲ ਤੋਂ 12 ਅਪ੍ਰੈਲ 2026 ਤੱਕ ਕੁੱਲ ਔਸਤ 26.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜੋ ਇਸ ਸਮੇਂ ਦੀ ਆਮ ਔਸਤ 4.9 ਮਿਲੀਮੀਟਰ ਨਾਲੋਂ 435 ਫ਼ੀਸਦੀ ਵੱਧ ਹੈ। ਜ਼ਿਲ੍ਹਾ ਵਾਰ ਅੰਕੜਿਆਂ ਅਨੁਸਾਰ ਮੋਹਾਲੀ ਵਿੱਚ 31.7 ਮਿਲੀਮੀਟਰ ਬਾਰਿਸ਼ ਹੋਈ, ਜੋ ਆਮ ਨਾਲੋਂ 1075 ਫ਼ੀਸਦੀ ਵੱਧ ਹੈ। ਸਭ ਤੋਂ ਵੱਧ ਬਾਰਿਸ਼ ਫਾਜ਼ਿਲਕਾ ਵਿੱਚ 56.8 ਮਿਲੀਮੀਟਰ ਅਤੇ ਰੂਪਨਗਰ ਵਿੱਚ 53.8 ਮਿਲੀਮੀਟਰ ਦਰਜ ਕੀਤੀ ਗਈ ਹੈ।

ਦੂਜੇ ਪਾਸੇ, ਹੁਸ਼ਿਆਰਪੁਰ ਵਿੱਚ ਸਭ ਤੋਂ ਘੱਟ 4.5 ਮਿਲੀਮੀਟਰ ਬਾਰਿਸ਼ ਹੋਈ, ਜੋ ਆਮ ਨਾਲੋਂ 28 ਫ਼ੀਸਦੀ ਘੱਟ ਹੈ। ਪਿਛਲੇ 24 ਘੰਟਿਆਂ ਵਿੱਚ ਵੀ ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ, ਜਿਸ ਵਿੱਚ ਗੁਰਦਾਸਪੁਰ ਵਿੱਚ 6.7 ਮਿਲੀਮੀਟਰ ਅਤੇ ਪਠਾਨਕੋਟ ਵਿੱਚ 3.8 ਮਿਲੀਮੀਟਰ ਬਾਰਿਸ਼ ਸ਼ਾਮਲ ਹੈ।

ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਦੇ ਅਨੁਸਾਰ 16 ਅਤੇ 17 ਅਪ੍ਰੈਲ ਨੂੰ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਸਕਦੀ ਹੈ, ਜਦਕਿ ਬਾਕੀ ਦਿਨ ਮੌਸਮ ਸੁੱਕਾ ਰਹਿਣ ਦੀ ਸੰਭਾਵਨਾ ਹੈ। ਅਗਲੇ ਤਿੰਨ ਦਿਨਾਂ ਵਿੱਚ ਤੇਜ਼ ਹਵਾਵਾਂ ਚੱਲਣਗੀਆਂ, ਜੋ ਮੌਸਮ ਨੂੰ ਕੁਝ ਹੱਦ ਤੱਕ ਠੰਡਕ ਦੇ ਸਕਦੀਆਂ ਹਨ। ਹਾਲਾਂਕਿ ਆਉਣ ਵਾਲੇ ਸੱਤ ਦਿਨਾਂ ਵਿੱਚ ਤਾਪਮਾਨ ਵਿੱਚ 4 ਤੋਂ 6 ਡਿਗਰੀ ਸੈਲਸੀਅਸ ਤੱਕ ਵਾਧਾ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਰਾਜ ਵਿੱਚ ਗਰਮੀ ਦਾ ਅਸਰ ਹੌਲੀ-ਹੌਲੀ ਵੱਧਣਾ ਸ਼ੁਰੂ ਹੋ ਜਾਵੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande