ਮਾਛੀਵਾੜਾ ਨੇੜੇ ਕੰਬਾਈਨ ਤੇ ਮੋਟਰਸਾਈਕਲ ਦੀ ਟੱਕਰ ’ਚ ਨੌਜਵਾਨ ਦੀ ਮੌਕੇ ‘ਤੇ ਮੌਤ
ਮੋਟਰਸਾਈਕਲ ਸਵਾਰ ਦੀ ਗਰਦਨ ਧੜ ਤੋਂ ਅਲੱਗ ਹੋਈ, ਪੁਲਿਸ ਨੇ ਕੰਬਾਈਨ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕੀਤੀ
ਹਾਦਸੇ ਸਮੇਂ ਦੀ ਫੋਟੋ।


ਮ੍ਰਿਤਕ ਨੌਜਵਾਨ ਦੀ ਫਾਈਲ ਫੋਟੋ।


ਮਾਛੀਵਾੜਾ, 13 ਅਪ੍ਰੈਲ (ਹਿੰ.ਸ.)| ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਲੱਖੋਵਾਲ ਖੁਰਦ ਅਤੇ ਲੱਖੋਵਾਲ ਕਲਾ ਦੇ ਵਿਚਕਾਰ ਪੁਲੀ ਨੇੜੇ ਦੇਰ ਰਾਤ ਇੱਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 22 ਸਾਲਾ ਪਰਮਿੰਦਰ ਸਿੰਘ ਵਾਸੀ ਸਮਰਾਲਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ, ਨੌਜਵਾਨ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਜੁਲਫਗੜ੍ਹ ਤੋਂ ਆਪਣੇ ਘਰ ਸਮਰਾਲਾ ਵਾਪਸ ਜਾ ਰਿਹਾ ਸੀ, ਜਦੋਂ ਅਚਾਨਕ ਸਾਹਮਣੇ ਆ ਰਹੀ ਇੱਕ ਕੰਬਾਈਨ ਨਾਲ ਉਸਦੀ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਨੌਜਵਾਨ ਦੀ ਗਰਦਨ ਧੜ ਤੋਂ ਅਲੱਗ ਹੋ ਗਈ ਅਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਦ੍ਰਿਸ਼ ਇੰਨਾ ਖੌਫਨਾਕ ਸੀ ਕਿ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਸਬ ਇੰਸਪੈਕਟਰ ਪਰਸ਼ੋਤਮ ਲਾਲ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਨਾਲ ਹੀ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਹ ਅਜੇ ਕੁਵਾਰਾ ਸੀ। ਉਹ ਇੱਕ ਫਾਇਨੈਂਸ ਕੰਪਨੀ ਵਿੱਚ ਨੌਕਰੀ ਕਰਦਾ ਸੀ ਅਤੇ ਘਰ ਦਾ ਇਕੱਲਾ ਸਹਾਰਾ ਸੀ। ਉਸਦੀ ਅਚਾਨਕ ਮੌਤ ਨਾਲ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲਿਸ ਵੱਲੋਂ ਹਾਦਸੇ ਵਿੱਚ ਸ਼ਾਮਲ ਕੰਬਾਈਨ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਸਹਾਇਕ ਥਾਣੇਦਾਰ ਪਰਸ਼ੋਤਮ ਲਾਲ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande