ਪੰਜਾਬ-ਚੰਡੀਗੜ੍ਹ ਵਿੱਚ ਵਧਣ ਲੱਗੀ ਗਰਮੀ, ਆਉਣ ਵਾਲੇ ਦਿਨਾਂ ਵਿੱਚ ਲੂ ਦੇ ਅਸਾਰ
15-16 ਅਪ੍ਰੈਲ ਨੂੰ ਮੌਸਮ ਵਿੱਚ ਬਦਲਾਅ ਸੰਭਵ
ਚੰਡੀਗੜ੍ਹ ਮੋਸਮ ਦੀ ਫਾਈਲ ਫੋਟੋ।


ਚੰਡੀਗੜ੍ਹ, 14 ਅਪ੍ਰੈਲ (ਹਿੰ.ਸ.)| ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ, ਜਿਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਭਾਰੀ ਗਰਮੀ ਪੈਣ ਦੇ ਆਸਾਰ ਹਨ। ਹਾਲਾਂਕਿ ਇਸ ਸਮੇਂ ਦਿਨ ਦੌਰਾਨ ਪਹਾੜੀ ਇਲਾਕਿਆਂ ਵੱਲੋਂ ਤੇਜ਼ ਹਵਾਵਾਂ ਵੱਗ ਰਹੀਆਂ ਹਨ, ਜੋ ਅੱਜ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਮੁੱਖ ਤੌਰ 'ਤੇ ਸੁੱਕਾ ਰਹੇਗਾ।

ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 1.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਹ ਹੁਣ ਨਾਰਮਲ ਦੇ ਨੇੜੇ ਪਹੁੰਚ ਗਿਆ ਹੈ। ਪਟਿਆਲਾ ਵਿੱਚ 35.1 ਡਿਗਰੀ ਅਤੇ ਚੰਡੀਗੜ੍ਹ ਵਿੱਚ 33.9 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

ਮੌਸਮ ਵਿਭਾਗ ਮੁਤਾਬਕ ਇਸ ਸਮੇਂ ਉੱਤਰੀ-ਪੱਛਮੀ ਭਾਰਤ ਦੇ ਉੱਪਰ ਉੱਚਾਈ 'ਤੇ ਲਗਭਗ 200 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੱਗ ਰਹੀਆਂ ਹਨ। 15 ਅਪ੍ਰੈਲ ਤੋਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਪਹਾੜੀ ਇਲਾਕਿਆਂ ਵਿੱਚ ਵੈਸਟਰਨ ਡਿਸਟਰਬੈਂਸ ਸਰਗਰਮ ਹੋਵੇਗਾ। ਇਸ ਕਾਰਨ ਉਥੇ ਹਲਕੀ ਬਾਰਿਸ਼, ਬੱਦਲ ਅਤੇ ਤੇਜ਼ ਹਵਾਵਾਂ ਦੇ ਅਸਾਰ ਹਨ, ਜਿਸ ਦਾ ਅਸਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੀ ਵੇਖਣ ਨੂੰ ਮਿਲ ਸਕਦਾ ਹੈ। ਇਸ ਨਾਲ ਤਾਪਮਾਨ ਵਿੱਚ ਹਲਕੀ ਗਿਰਾਵਟ ਆ ਸਕਦੀ ਹੈ।

ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਕਈ ਇਲਾਕਿਆਂ ਵਿੱਚ 30 ਤੋਂ 50 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਸੰਗਰੂਰ ਵਿੱਚ 39 ਕਿਮੀ ਪ੍ਰਤੀ ਘੰਟਾ ਅਤੇ ਫਰੀਦਕੋਟ ਵਿੱਚ 35 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਦਰਜ ਕੀਤੀ ਗਈ। 13 ਅਪ੍ਰੈਲ ਨੂੰ ਦੇਸ਼ ਦੇ ਮੈਦਾਨੀ ਇਲਾਕਿਆਂ ਵਿੱਚ ਸਭ ਤੋਂ ਘੱਟ ਨਿਊਨਤਮ ਤਾਪਮਾਨ 15.2 ਡਿਗਰੀ ਸੈਲਸੀਅਸ ਚੰਡੀਗੜ੍ਹ ਵਿੱਚ ਦਰਜ ਹੋਇਆ, ਜੋ ਆਮ ਨਾਲੋਂ 3.1 ਤੋਂ 5 ਡਿਗਰੀ ਘੱਟ ਸੀ।

ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਅਨੁਸਾਰ 16 ਅਤੇ 17 ਅਪ੍ਰੈਲ ਨੂੰ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ, ਜਦਕਿ ਬਾਕੀ ਦਿਨ ਮੌਸਮ ਸੁੱਕਾ ਰਹੇਗਾ। ਅਗਲੇ ਦੋ ਦਿਨਾਂ ਦੌਰਾਨ 30 ਤੋਂ 40 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਮੌਸਮ ਵਿਭਾਗ ਨੇ ਅਨੁਮਾਨ ਲਗਾਇਆ ਹੈ ਕਿ ਆਉਣ ਵਾਲੇ ਛੇ ਦਿਨਾਂ ਵਿੱਚ ਅਧਿਕਤਮ ਤਾਪਮਾਨ ਵਿੱਚ 4 ਤੋਂ 6 ਡਿਗਰੀ ਸੈਲਸੀਅਸ ਤੱਕ ਵਾਧਾ ਹੋ ਸਕਦਾ ਹੈ, ਜਿਸ ਨਾਲ ਗਰਮੀ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande