
ਪਠਾਨਕੋਟ, 14 ਅਪ੍ਰੈਲ (ਹਿੰ.ਸ.)| ਗੁਲਾਬ ਚੰਦ ਕਟਾਰੀਆ 16 ਤੋਂ 18 ਅਪ੍ਰੈਲ ਤੱਕ ਪਠਾਨਕੋਟ ਦੇ ਤਿੰਨ ਦਿਨਾਂ ਦੇ ਵਿਸ਼ੇਸ਼ ਦੌਰੇ ‘ਤੇ ਰਹਿਣਗੇ। ਇਸ ਦੌਰੇ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਮਹੱਤਵਪੂਰਨ ਬੈਠਕ ਕੀਤੀ ਗਈ। ਇਹ ਬੈਠਕ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਮਲਿਕਪੁਰ ਵਿੱਚ ਡਿਪਟੀ ਕਮਿਸ਼ਨਰ ਡਾ. ਪੱਲਵੀ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਐੱਸ.ਐੱਸ.ਪੀ. ਦਲਜਿੰਦਰ ਸਿੰਘ ਢਿੱਲੋਂ, ਐੱਸ.ਡੀ.ਐਮ. ਅਰਸ਼ਦੀਪ ਸਿੰਘ, ਤਹਿਸੀਲਦਾਰ ਪਰਮਪ੍ਰੀਤ ਸਿੰਘ ਗੌਰਾਇਆ, ਜ਼ਿਲ੍ਹਾ ਸਿੱਖਿਆ ਅਫ਼ਸਰ ਕਮਲਦੀਪ ਕੌਰ ਅਤੇ ਸਿਵਲ ਸਰਜਨ ਡਾ. ਸੁਨੀਤਾ ਸ਼ਰਮਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹੇ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 16 ਅਪ੍ਰੈਲ ਨੂੰ ਰਾਜਪਾਲ ਮੰਗਿਆਲ ਮਨਵਾਲ ਸਥਿਤ ਮਹਾਰਾਣਾ ਪ੍ਰਤਾਪ ਸਕੂਲ ਵਿੱਚ ਵੀ.ਡੀ.ਸੀ. ਮੈਂਬਰਾਂ ਨੂੰ ਸੰਬੋਧਨ ਕਰਨਗੇ। 17 ਅਪ੍ਰੈਲ ਨੂੰ ਨਸ਼ਾ ਵਿਰੋਧੀ ਜਾਗਰੂਕਤਾ ਲਈ ਸੰਦੀਪਨੀ ਸਕੂਲ ਤੋਂ ਏ.ਬੀ. ਕਾਲਜ ਤੱਕ ਪਦਯਾਤਰਾ ਕੱਢੀ ਜਾਵੇਗੀ। ਇਸੇ ਦਿਨ ਨਿਆੜੀ, ਫੰਗੋਤਾ ਅਤੇ ਰਾਵੀ ਸਦਨ ਵਿੱਚ ਵੀ.ਡੀ.ਸੀ. ਮੈਂਬਰਾਂ ਨਾਲ ਵਿਸ਼ੇਸ਼ ਬੈਠਕਾਂ ਵੀ ਹੋਣਗੀਆਂ।
ਦੌਰੇ ਦੇ ਅੰਤਿਮ ਦਿਨ 18 ਅਪ੍ਰੈਲ ਨੂੰ ਬੰਧਾਣੀ ਸਥਿਤ ਸ਼੍ਰੀ ਸਾਈਂ ਕਾਲਜ ਵਿੱਚ ਸਰਹੱਦੀ ਇਲਾਕਿਆਂ ਦੇ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਮੀਟਿੰਗ ਕੀਤੀ ਜਾਵੇਗੀ। ਇਸ ਦੌਰਾਨ ਦੌਰੇ ਨੂੰ ਸਫਲ ਬਣਾਉਣ ਲਈ ਵੱਖ-ਵੱਖ ਅਧਿਕਾਰੀਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH