
ਮਾਨਸਾ, 14 ਅਪ੍ਰੈਲ (ਹਿੰ.ਸ.)| ਜ਼ਿਲ੍ਹੇ ਵਿੱਚ ਇਕ ਨੌਜਵਾਨ ਨਾਲ ਹੋਈ ਬੇਹੱਦ ਦਰਿੰਦਗੀ ਭਰੀ ਘਟਨਾ ਨੇ ਸਨਸਨੀ ਫੈਲਾ ਦਿੱਤੀ ਹੈ। ਜਾਣਕਾਰੀ ਮੁਤਾਬਕ ਜਸ਼ਨਦੀਪ ਸਿੰਘ, ਪੁੱਤਰ ਗੁਰਸੇਵਕ ਸਿੰਘ, ਦੀ ਬੇਰਹਿਮੀ ਨਾਲ ਕੁੱਟਮਾਰ ਤੋਂ ਬਾਅਦ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਦੇ ਦੋਸ਼ਾਂ ਅਨੁਸਾਰ 31 ਮਾਰਚ ਨੂੰ ਜਸ਼ਨਦੀਪ ਨੂੰ ਘਰ ਤੋਂ ਮੂਸਾ ਚੁੰਗੀ ਨੇੜੇ ਬੁਲਾਇਆ ਗਿਆ, ਜਿੱਥੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਉਸਨੂੰ ਬੋਲੇਰੋ ਗੱਡੀ ਦੇ ਪਿੱਛੇ ਬੰਨ੍ਹ ਕੇ ਕਈ ਕਿਲੋਮੀਟਰ ਤੱਕ ਘਸੀਟਿਆ ਗਿਆ।
ਪਰਿਵਾਰ ਦਾ ਕਹਿਣਾ ਹੈ ਕਿ ਦੋਸ਼ੀਆਂ ਨੇ ਉਸਨੂੰ ਅਗਵਾ ਕਰਕੇ ਆਪਣੇ ਘਰ ਲੈ ਜਾ ਕੇ ਕੀਕਰ ਦੇ ਦਰੱਖਤ ਨਾਲ ਬੰਨ੍ਹ ਦਿੱਤਾ ਅਤੇ ਮੁੜ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਨਾਲ ਉਸਦੇ ਦੋਵੇਂ ਹੱਥ ਤੇ ਦੋਵੇਂ ਪੈਰ ਟੁੱਟ ਗਏ।
ਗੰਭੀਰ ਹਾਲਤ ਵਿੱਚ ਉਸਨੂੰ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਉਸਨੂੰ ਬਠਿੰਡਾ ਰੈਫਰ ਕੀਤਾ ਗਿਆ। ਇਲਾਜ ਦੌਰਾਨ ਅੱਜ ਉਸਦੀ ਮੌਤ ਹੋ ਗਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਪੁਲਿਸ ਨੇ ਸ਼ੁਰੂ ਵਿੱਚ ਕੇਵਲ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਸੀ, ਪਰ ਹੁਣ ਇਸ ਵਿੱਚ ਕਤਲ ਦੀ ਧਾਰਾ ਵੀ ਜੋੜੀ ਜਾ ਰਹੀ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਸਬ ਇੰਪੈਕਟਰ ਸੁਖਜੀਤ ਸਿੰਘ ਨੇ ਦੱਸਿਆ ਕਿ ਇੱਕ ਨੌਜਵਾਨ ਦੇ ਭਰਾ ਹਰਮਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮੁਕੱਦਮਾ ਦਰਜ ਲਿਆ ਗਿਆ ਸੀ, ਜਸ਼ਨਦੀਪ ਦੇ ਭਰਾ ਨੇ ਆਪਣੇ ਬਿਆਨ ’ਚ ਲਿਖਾਇਆ ਹੈ ਕਿ ਉਨ੍ਹਾਂ ਦੇ ਗੁਆਢੀ ਗੁਲਾਬ ਸਿੰਘ ਨੂੰ ਸ਼ੱਕ ਸੀ ਕਿ ਉਸਦੇ ਭਰਾ ਦੇ ਉਸਦੇ ਘਰ ਵਾਲੇ ਨਾਲ ਸਬੰਧ ਹਨ ਤੇ ਉਹ ਬਦਲਾ ਲੈਣ ਲਈ ਉਸ ਨੂੰ ਬਲੈਰੋ ਗੱਡੀ ’ਚ ਚੁੱਕ ਕੇ ਲੈ ਗਿਆ ਤੇ ਉਸਦੀ ਕੁਟਮਾਰ ਕੀਤੀ।
ਅੱਜ ਨੌਜਵਾਨ ਜਸ਼ਨਦੀਪ ਦੀ ਮੌਤ ਤੋਂ ਬਾਅਦ ਨਵੀਆਂ ਧਾਰਾਵਾਂ 103,102 ਦਾ ਵਾਧਾ ਕਰ ਲਿਆ ਹੈ ਤੇ ਬਲੈਰੋ ਗੱਡੀ ਵੀ ਕਬਜੇ ’ਚ ਲੈ ਲਈ ਗਈ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH