
ਚੰਡੀਗੜ੍ਹ, 15 ਅਪ੍ਰੈਲ (ਹਿੰ.ਸ.)| ਪੰਜਾਬ ਦੇ ਫਰੀਦਕੋਟ ਵਿੱਚ ਇੱਕ ਮਹਿਲਾ ਏਐਸਆਈ ਵੱਲੋਂ ਆਪਣੀ ਹੀ ਪੋਤੀ ਨਾਲ ਕੀਤੀ ਗਈ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਉਸਨੂੰ ਮੁਅੱਤਲ ਕਰ ਦਿੱਤਾ ਹੈ।
ਇਹ ਕਾਰਵਾਈ ਫਰੀਦਕੋਟ ਦੀ ਐੱਸਐੱਸਪੀ ਡਾ. ਪ੍ਰਗਿਆ ਜੈਨ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਬੁੱਧਵਾਰ ਨੂੰ ਕੀਤੀ ਗਈ।
ਮਿਲੀ ਜਾਣਕਾਰੀ ਅਨੁਸਾਰ, ਏਐਸਆਈ ਸਰਬਜੀਤ ਕੌਰ ਥਾਣਾ ਸਦਰ ਵਿੱਚ ਤੈਨਾਤ ਹੈ।
ਸ਼ੁਰੂਆਤੀ ਜਾਂਚ ਦੌਰਾਨ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਬੱਚੀ ਦੇ ਮਾਤਾ-ਪਿਤਾ ਪੁਰਤਗਾਲ ਵਿੱਚ ਰਹਿੰਦੇ ਹਨ ਅਤੇ ਉਹ ਉਥੇ ਹੀ ਸੈਟਲ ਹਨ। ਇਸ ਕਰਕੇ ਬੱਚੀ ਦੀ ਦੇਖਭਾਲ ਉਸ ਦੀ ਦਾਦੀ ਕਰ ਰਹੀ ਸੀ।
ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਬੱਚੀ ਸ਼ਰਾਰਤ ਕਰ ਰਹੀ ਸੀ। ਜਦੋਂ ਦਾਦੀ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਮੰਨੀ। ਇਸ ‘ਤੇ ਗੁੱਸੇ ਵਿੱਚ ਆ ਕੇ ਮਹਿਲਾ ਏਐਸਆਈ ਨੇ ਬੱਚੀ ਦੇ ਹੱਥ-ਪੈਰ ਬੰਨ੍ਹ ਕੇ ਉਸਨੂੰ ਘਰ ਦੇ ਗੇਟ ਦੇ ਬਾਹਰ ਧੁੱਪ ਵਿੱਚ ਖੜਾ ਕਰ ਦਿੱਤਾ ਅਤੇ ਕਾਫੀ ਸਮੇਂ ਤੱਕ ਉਸਨੂੰ ਉੱਥੇ ਹੀ ਤੜਫ਼ਦਾ ਛੱਡ ਦਿੱਤਾ।
ਡੋਗਰ ਬਸਤੀ ਇਲਾਕੇ ਦੇ ਲੋਕਾਂ ਦੇ ਮੁਤਾਬਕ, ਜਦੋਂ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਘਰ ਦਾ ਦਰਵਾਜ਼ਾ ਖਟਖਟਾਇਆ, ਪਰ ਅੰਦਰੋਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਲੋਕਾਂ ਨੇ ਬੱਚੀ ਨੂੰ ਛੁਡਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਇਸ ਦੌਰਾਨ ਮਹਿਲਾ ਬਾਹਰ ਆਈ ਅਤੇ ਬੱਚੀ ਨੂੰ ਅੰਦਰ ਲੈ ਗਈ।
ਜਿਵੇਂ ਹੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ, ਪੁਲਿਸ ਤੁਰੰਤ ਹਰਕਤ ਵਿੱਚ ਆ ਗਈ। ਐੱਸਐੱਸਪੀ ਡਾ. ਪ੍ਰਗਿਆ ਜੈਨ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮਹਿਲਾ ਏਐਸਆਈ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਮਾਮਲੇ ਦੀ ਹੋਰ ਜਾਂਚ ਜਾਰੀ ਹੈ ਅਤੇ ਪੁਲਿਸ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH