
ਬਰਨਾਲਾ, 16 ਅਪ੍ਰੈਲ (ਹਿੰ.ਸ.)। ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ, ਆਈ. ਏ. ਐੱਸ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕਰਕੇ ਵਿਕਾਸ ਕਾਰਜਾਂ/ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ ਅਤੇ ਵਰਤੋਂ ਸਰਟੀਫਿਕੇਟ ਜਮ੍ਹਾ ਕਰਾਉਣ ਦੀ ਹਦਾਇਤ ਕੀਤੀ ਗਈ।
ਇਸ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਮਨਰੇਗਾ ਤਹਿਤ 25 ਆਂਗਣਵਾੜੀ ਕੇਂਦਰਾਂ ਦੀਆਂ ਇਮਾਰਤਾਂ ਦੀ ਉਸਾਰੀ ਕੀਤੀ ਜਾਣੀ ਸੀ ਜਿਨ੍ਹਾਂ ਵਿਚੋਂ ਬਹੁਤਾ ਕੰਮ ਮੁਕੰਮਲ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਆਈ. ਸੀ. ਡੀ. ਐੱਸ ਸਕੀਮ ਤਹਿਤ 16 ਆਂਗਣਵਾੜੀ ਕੇਂਦਰਾਂ ਦੀਆਂ ਇਮਾਰਤਾਂ ਨੂੰ ਅਪਗ੍ਰੇਡ ਕੀਤਾ ਜਾਣਾ ਸੀ ਜਿਸ ਵਿਚੋਂ ਬਹੁਤਾ ਕੰਮ ਮੁਕੰਮਲ ਹੋ ਚੁੱਕਿਆ ਹੈ।
ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ (ਪੀਐਮਐਮਵੀਵਾਈ) ਜਿਸ ਤਹਿਤ ਪਹਿਲੀ ਵਾਰ ਮਾਂ ਬਣਨ ਵਾਲੀਆਂ ਔਰਤਾਂ ਨੂੰ 5000 ਰੁਪਏ ਦੀ ਵਿੱਤੀ ਸਹਾਇਤਾ ਅਤੇ ਦੂਜਾ ਬੱਚਾ ਸਿਰਫ ਲੜਕੀ ਹੋਣ ਦੀ ਸੂਰਤ ਵਿਚ 6000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਸਕੀਮ ਤਹਿਤ 2024-25 ਵਿੱਚ 2879 ਲਾਭਪਾਤਰੀ ਰਜਿਸਟਰਡ ਹੋਏ ਅਤੇ ਪੀਐਮਐਮਵੀਵਾਈ 2025-26 ਵਿੱਚ 3079 ਲਾਭਪਾਤਰੀ ਰਜਿਸਟਰਡ ਹੋਏ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਸਖੀ ਵਨ ਸਟਾਪ ਸੈਂਟਰ ਦੀਆਂ ਸੇਵਾਵਾਂ ਦਾ ਵੀ ਜਾਇਜ਼ਾ ਲਿਆ ਗਿਆ। ਇਸ ਸੈਂਟਰ ਵਿੱਚ 2025-26 ਵਿੱਚ ਕੁੱਲ 282 ਕੇਸ ਪ੍ਰਾਪਤ ਹੋਏ ਜਿਨ੍ਹਾਂ ਵਿਚ 20 ਵਿੱਚ ਕਾਨੂੰਨੀ ਸਹਾਇਤਾ, 42 ਵਿੱਚ ਪੁਲਿਸ ਸਹਾਇਤਾ, 179 ਵਿੱਚ ਮੈਡੀਕਲ ਅਤੇ ਮਨੋਵਿਗਿਆਨਕ ਸਹਾਇਤਾ, 49 ਵਿੱਚ ਆਰਜ਼ੀ ਰਿਹਾਇਸ਼ ਦੀ ਸਹਾਇਤਾ ਦਿੱਤੀ ਗਈ। ਇਸ ਤੋਂ ਇਲਾਵਾ ਮਾਰਚ 2026 ਵਿੱਚ ਕੁੱਲ 28 ਕੇਸ ਪ੍ਰਾਪਤ ਹੋਏ ਜਿਨ੍ਹਾਂ ਵਿਚ 3 ਵਿੱਚ ਕਾਨੂੰਨੀ ਸਹਾਇਤਾ, 3 ਵਿੱਚ ਪੁਲਿਸ ਸਹਾਇਤਾ, 19 ਵਿੱਚ ਮੈਡੀਕਲ ਅਤੇ ਮਨੋਵਿਗਿਆਨਕ ਸਹਾਇਤਾ, 4 ਵਿੱਚ ਆਰਜ਼ੀ ਰਿਹਾਇਸ਼ ਦੀ ਸਹਾਇਤਾ ਦਿੱਤੀ ਗਈ।
ਇਸ ਤੋਂ ਇਲਾਵਾ ਮਿਸ਼ਨ ਵਾਤਸਲਿਆ ਸਕੀਮ ਤਹਿਤ ਸਪਾਂਸਰਸ਼ਿਪ ਅਧੀਨ ਲਾਭਪਾਤਰੀ ਬੱਚੇ ਨੂੰ 4000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ ਜਿਸ ਤਹਿਤ 780 ਲਾਭਪਾਤਰੀ ਰਜਿਸਟਰਡ ਹਨ।ਡਿਪਟੀ ਕਮਿਸ਼ਨਰ ਨੇ ਰੰਗਲਾ ਪੰਜਾਬ ਵਿਕਾਸ ਸਕੀਮ ਦਾ ਵੀ ਜਾਇਜ਼ਾ ਲਿਆ ਜਿਸ ਦੇ ਪਹਿਲੇ ਪੜਾਅ ਤਹਿਤ ਪੇਂਡੂ ਖੇਤਰਾਂ ਲਈ 689 ਲੱਖ ਰੁਪਏ ਦੇ ਫੰਡ ਜਾਰੀ ਕਰਕੇ ਵਿਕਾਸ ਕਾਰਜ ਕਰਵਾਏ ਹਨ। ਡਿਪਟੀ ਕਮਿਸ਼ਨਰ ਵਲੋਂ ਬੀਡੀਪੀਓਜ਼ ਨੂੰ ਵਰਤੋਂ ਸਰਟੀਫਿਕੇਟ ਜਮ੍ਹਾ ਕਰਾਉਣ ਦੀ ਹਦਾਇਤ ਕੀਤੀ ਗਈ। ਓਹਨਾਂ ਕਿਹਾ ਕਿ ਐਮ ਪੀ ਲੈਡ ਤਹਿਤ ਜਾਰੀ ਫੰਡਾਂ ਨਾਲ ਹੋਏ ਕੰਮਾਂ ਦੇ ਵਰਤੋਂ ਸਰਟੀਫਿਕੇਟ ਵੀ ਜਲਦ ਜਮ੍ਹਾ ਕਰਾਏ ਜਾਣ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵਲੋਂ ਠੋਸ ਕੂੜਾ ਪ੍ਰਬੰਧਨ, ਤਰਲ ਕੂੜਾ ਪ੍ਰਬੰਧਨ, ਜ਼ਿਲ੍ਹੇ ਵਿੱਚ 25 ਕਰੋੜ ਦੀ ਲਾਗਤ ਨਾਲ ਬਣ ਰਹੇ 94 ਖੇਡ ਮੈਦਾਨ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ।ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਿੰਦਰਪਾਲ ਕੌਰ, ਬੀ. ਡੀ. ਪੀ. ਓ ਬਰਨਾਲਾ ਜਗਤਾਰ ਸਿੰਘ, ਬੀ. ਡੀ. ਪੀ. ਓ ਸ਼ਹਿਣਾ ਜੁਗਰਾਜ ਸਿੰਘ, ਵਨ ਸਟਾਪ ਸੈਂਟਰ ਇੰਚਾਰਜ ਜਯੋਤੀ ਵੰਸ਼, ਐੱਸ.ਡੀ.ਓ ਪੰਚਾਇਤੀ ਰਾਜ ਜਸਜੀਤ ਸਿੰਘ ਤੇ ਹੋਰ ਅਧਿਕਾਰੀ/ਕਰਮਚਾਰੀ ਮੌਜੂਦ ਸਨ
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ