ਖੰਨਾ ਪੁਲਿਸ ਵੱਲੋਂ ਨਸ਼ਿਆਂ ਦੇ ਅੱਡਿਆਂ ਨੂੰ ਖਤਮ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ
ਅਪਰਾਧ ਰੋਕਣ ਲਈ ਵਾਤਾਵਰਣ ਸੁਧਾਰ ’ਤੇ ਜ਼ੋਰ : ਐੱਸ.ਐੱਸ.ਪੀ ਖੰਨਾ
ਖੰਡਰ ਨੂੰ ਢਾਹੁੰਦੀ ਹੋਈ ਜੇਸੀਬੀ


ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ ਡਾ. ਦਰਪਣ ਆਹਲੂਵਾਲੀਆ


ਖੰਨਾ, 16 ਅਪ੍ਰੈਲ (ਹਿੰ.ਸ.)। ਸੀਨੀਅਰ ਪੁਲਿਸ ਕਪਤਾਨ (ਐੱਸ.ਐੱਸ.ਪੀ) ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਇੱਕ ਹੋਰ ਨਵੀਂ ਪਹਿਲਕਦਮੀ ਤਹਿਤ ਨਸ਼ਿਆਂ ਦੇ ਅੱਡਿਆਂ ਨੂੰ ਖਤਮ ਕਰਨ ਲਈ ਮੁਹਿੰਮ ਵਿੱਢੀ ਹੈ ਜਿਸ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ।

ਐੱਸ.ਐੱਸ.ਪੀ ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੰਨਾ ਪੁਲਿਸ ਵੱਲੋਂ ''ਯੁੱਧ ਨਸ਼ਿਆਂ ਵਿਰੁੱਧ'' ਅਤੇ ਵਾਤਾਵਰਣ ਡਿਜ਼ਾਈਨ ਅਪਰਾਧ ਰੋਕਥਾਮ ਮੁਹਿੰਮ ਤਹਿਤ ਖਾਲੀ ਖੰਡਰ ਅਤੇ ਜੰਗਲੀ ਬੂਟੀਆਂ ਵਾਲੇ ਇਲਾਕਿਆਂ ਦੀ ਪਛਾਣ ਕੀਤੀ ਗਈ ਹੈ ਜਿੱਥੇ ਨਸ਼ੇੜੀਆਂ ਵੱਲੋਂ ਨਸ਼ੀਲੇ ਪਦਾਰਥਾਂ ਦਾ ਸੇਵਨ ਕੀਤਾ ਜਾਂਦਾ ਹੈ ਅਤੇ ਮਾੜੇ ਅਨਸਰਾਂ ਵੱਲੋਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਅਜਿਹੇ ਇਲਾਕੇ ਲੋਕਾਂ ਲਈ ਇੱਕ ਖਤਰਾ ਹਨ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਵੀ ਇਸ ਨਾਲ ਛੋਟੇ ਅਪਰਾਧਾਂ ਵਿੱਚ ਵਾਧਾ ਹੁੰਦਾ ਹੈ।

ਐੱਸ.ਐੱਸ.ਪੀ ਖੰਨਾ ਨੇ ਦੱਸਿਆ ਕਿ ਅਜਿਹੀਆਂ ਉਜਾੜ ਥਾਵਾਂ ਨਾਲ ਸੰਬੰਧਿਤ ਮਾਲ ਅਧਿਕਾਰੀਆਂ ਅਤੇ ਨਿੱਜੀ ਮਾਲਕਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਅਤੇ ਇਹਨਾਂ ਨਾਲ ਮਿਲ ਕੇ ਅਜਿਹੇ ਖੰਡਰਾਂ ਨੂੰ ਢਾਇਆ ਜਾ ਰਿਹਾ ਹੈ ਅਤੇ ਪੂਰਨ ਤੌਰ ’ਤੇ ਸਾਫ ਸਫਾਈ ਕੀਤੀ ਜਾ ਰਹੀ ਹੈ।

ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਇਹ ਮੁਹਿੰਮ ਲਗਾਤਾਰ ਚਾਲੂ ਰਹੇਗੀ। ਅਪਰਾਧ ਵਿੱਚ ਯੋਗਦਾਨ ਪਾਉਣ ਵਾਲੇ ਵਾਤਾਵਰਣਕ ਕਾਰਕਾਂ ਨੂੰ ਘਟਾਉਣ ਲਈ ਪੁਲਿਸ ਜ਼ਿਲ੍ਹਾ ਖੰਨਾ ਵਿੱਚ ਅਜਿਹੇ 8 ਮੁੱਖ ਸਥਾਨਾਂ ਨੂੰ ਸਾਫ ਕੀਤਾ ਜਾ ਰਿਹਾ ਹੈ, ਸਾਡਾ ਮੁੱਖ ਮਕਸਦ ਇਹੀ ਹੈ ਕਿ ਅਜਿਹੇ ਨਸ਼ੇ ਦੇ ਸੇਵਨ ਕਰਨ ਵਾਲੇ ਅੱਡਿਆਂ ਨੂੰ ਖਤਮ ਕਰਨਾ ਅਪਰਾਧ ਨੂੰ ਰੋਕਣਾ ਅਤੇ ਇੱਕ ਸੁਰੱਖਿਤ ਮਾਹੌਲ ਪੈਦਾ ਕਰਨਾ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande